May 17, 2022 3:41 PM - ANI

ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਯੂਥ ਕਾਂਗਰਸ ਪ੍ਰਮੁੱਖ ਰਾਜਾ ਵੜਿੰਗ ਦੀ ਅਗਵਾਈ ਵਾਲੀ ਕਾਂਗਰਸ ਦੀ ਯੂਥ ਕਮੇਟੀ ਨੇ ਪਾਰਟੀ ਲੀਡਰਾਂ ਦੀ ਰਿਟਾਇਰਮੈਂਟ ਉਮਰ 65 ਸਾਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਹਾਲਾਂਕਿ, ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਨੇ ਇਸ ਨੂੰ ਫਿਲਾਹਲ ਲਈ ਟਾਲਦੇ ਹੋਏ ਫ਼ੈਸਲਾ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਮਗਰੋਂ ਪਾਰਟੀ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।
ਯੂਥ ਕਮੇਟੀ ਨੇ ਦੀ ਸਿਫਾਰਿਸ਼ ਨਾਲ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸਹਿਮਤੀ ਜਤਾਈ ਪਰ ਇਸ ਨੂੰ ਦੋ ਸਾਲ ਲਈ ਟਾਲ ਦਿੱਤਾ ਗਿਆ ਹੈ।
ਕਾਂਗਰਸ ਵੱਲੋਂ 9 ਸਾਲਾਂ ਦੇ ਲੰਮੇ ਅੰਤਰਾਲ ਮਗਰੋਂ ਉਦੈਪੁਰ ਵਿਚ ਚਿੰਤਨ ਸ਼ਿਵਿਰ ਆਯੋਜਿਤ ਕੀਤਾ ਗਿਆ। ਇਸ ਵਿਚ ਲਗਭਗ 430 ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। ਕਾਂਗਰਸੀ ਆਗੂਆਂ ਦੀ ਸੇਵਾਮੁਕਤੀ ਦੀ ਉਮਰ ਬਾਰੇ ਲੰਬੀ ਚਰਚਾ ਹੋਈ, ਜਿਸ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਕਿ ਮੌਜੂਦਾ ਸਮੇਂ ਪਾਰਟੀ ਦੇ ਮਾੜੇ ਦੌਰ ਵਿਚ ਜਲਦਬਾਜ਼ੀ ਵਿਚ ਅਜਿਹਾ ਫੈਸਲਾ ਲੈਣਾ ਮਾੜੀ ਗੱਲ ਹੋਵੇਗੀ ਕਿਉਂਕਿ ਅਜਿਹਾ ਕਰਨ ਨਾਲ ਸਾਰੇ ਵੱਡੇ ਨੇਤਾ ਜੋ ਆਪੋ-ਆਪਣੇ ਸੂਬਿਆਂ ਵਿਚ ਕਮਾਂਡ ਸੰਭਾਲ ਰਹੇ ਹਨ ਉਨ੍ਹਾਂ ਨੂੰ ਤੁਰੰਤ ਘਰ ਬੈਠਣਾ ਪਵੇਗਾ।




