Aug 7, 2024 4:36 PM - The Canadian Press

ਵੈਨਕੂਵਰ ਦੇ ਡਨਬਰ ਸਾਊਥਲੈਂਡ ਇਲਾਕੇ ਵਿਚ ਕੱਲ੍ਹ ਸ਼ਾਮ ਭਿਆਨਕ ਅੱਗ ਲੱਗਣ ਦੀ ਖਬਰ ਹੈ ਜਿਸ ਵਿਚ ਕਈ ਘਰ ਨੁਕਸਾਨੇ ਗਏ ਅਤੇ ਇਕ ਕ੍ਰੇਨ ਵੀ ਟੁੱਟ ਗਈ। ਵੈਨਕੂਵਰ ਰੈਸਕਿਊ ਸਰਵਿਸ ਦੇ ਡਿਪਟੀ ਫਾਇਰ ਚੀਫ ਰੌਬਰਟ ਵੀਕਸ ਦਾ ਕਹਿਣਾ ਹੈ ਕਿ ਕਰੂ ਨੂੰ ਸ਼ਾਮ 6:30 ਵਜੇ ਦੇ ਕਰੀਬ ਕੋਲਿੰਗਵੁੱਡ ਸਟਰੀਟ ਅਤੇ ਵੈਸਟ 41 ਐਵਿਨਿਊ ਦੇ ਇਲਾਕੇ ਵਿਚ ਬੁਲਾਇਆ ਗਿਆ ਸੀ ਜਿੱਥੇ ਇਕ 6 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਵਿਚ ਅੱਗ ਲੱਗੀ ਹੋਈ ਸੀ।
ਵੀਕਸ ਅਨੁਸਾਰ ਜਦ ਉਹ ਮੌਕੇ ’ਤੇ ਪਹੁੰਚੇ ਤਾਂ ਕੁਝ ਦੇਰ ਬਾਅਦ ਹੀ ਇਕ ਕ੍ਰੇਨ ਟੁੱਟ ਗਈ ਜਿਸ ਨੇ ਕੁਝ ਟਰਾਲੀ ਦੀਆਂ ਤਾਰਾਂ ਅਤੇ ਪਾਵਰ ਲਾਈਨ ਨੂੰ ਵੀ ਤੋੜ ਦਿੱਤਾ। ਬੀ.ਸੀ. ਹਾਈਡਰੋ ਦਾ ਕਹਿਣਾ ਹੈ ਕਿ ਪਾਵਰ ਲਾਈਨ ਟੁੱਟਣ ਕਾਰਨ ਉਸਦੇ ਲਗਭਗ 760 ਗਾਹਕ ਪ੍ਰਭਾਵਿਤ ਹੋਏ ਸਨ।
ਵੀਕਸ ਨੇ ਦੱਸਿਆ ਕਿ ਇਸ ਦੌਰਾਨ ਇਕ ਗੈਸ ਲਾਈਨ ਵੀ ਅੱਗ ਦੀ ਲਪੇਟ ਵਿਚ ਆ ਗਈ ਸੀ ਜਿਸ ’ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਆਗਜ਼ਨੀ ਦੌਰਾਨ ਇਮਾਰਤ ਵਿਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪਰ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੌਰਾਨ ਅੱਗ ਆਲੇ-ਦੁਆਲੇ ਦੇ ਕਈ ਘਰਾਂ ਵਿੱਚ ਵੀ ਫੈਲ ਗਈ, ਜਿਸ ਕਾਰਨ ਕਈ ਨਿਵਾਸੀਆਂ ਨੂੰ ਵਿਸਥਾਪਿਤ ਹੋਣਾ ਪਿਆ।




