May 17, 2024 2:45 PM - The Canadian Press

ਫੋਰਟ ਨੈਲਸਨ ਨੇੜੇ ਜੰਗਲੀ ਅੱਗ ਨਾਲ ਲੜ ਰਹੇ ਫਾਇਰ ਕਰਮਚਾਰੀ ਨੇ ਕੱਲ੍ਹ ਹੋਈ ਬਾਰਿਸ਼ ਤੋਂ ਬਾਅਦ ਆਸਮਾਨ ਸਾਫ ਹੋਣ ਦੀ ਉਮੀਦ ਜਤਾਈ ਹੈ। ਬੀ.ਸੀ. ਵਾਈਲਡ ਫਾਇਰ ਸਰਵਿਸ ਵਲੋਂ ਵੀਰਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਪਾਰਕਰ ਝੀਲ ਅਤੇ ਪੈਟਰੀ ਕ੍ਰੀਕ ਜੰਗਲੀ ਅੱਗ ਦੇ ਫਾਇਰ ਸਪੈਸ਼ਲਿਸਟ ਈਵਾਨ ਪੈਕ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਬਾਰਸ਼ ਦੀ ਬਹੁਤ ਜ਼ਰੂਰਤ ਸੀ ਅਤੇ ਇਸ ਨਾਲ ਅੱਗ ਨਾਲ ਲੜ੍ਹ ਰਹੇ ਕਰਮਚਾਰੀਆਂ ਲਈ ਹਾਲਾਤ ਕੁਝ ਬਿਹਤਰ ਹੋਏ ਹਨ।
ਜ਼ਿਕਰਯੋਗ ਹੈ ਕਿ ਪਾਰਕਰ ਝੀਲ ਅਤੇ ਪੈਟਰੀ ਕ੍ਰੀਕ ਦੋਵੇਂ ਅੱਗਾਂ ਫੋਰਟ ਨੈਲਸਨ ਲਈ ਖਤਰਾ ਬਣੀਆਂ ਹੋਈਆਂ ਹਨ ਅਤੇ ਦੋਵੇਂ ਹੀ ਕੰਟਰੋਲ ਤੋਂ ਬਾਹਰ ਹਨ। ਹੁਣ ਤੱਕ ਪਾਰਕਰ ਝੀਲ ਜੰਗਲੀ ਅੱਗ ਸ਼ਹਿਰ ਤੋਂ ਦੋ ਕਿਲੋਮੀਟਰ ਪੱਛਮ ਵਿੱਚ ਬਲ ਰਹੀ ਹੈ ਅਤੇ ਇਸ ਨੇ ਹਜ਼ਾਰਾਂ ਲੋਕਾਂ ਨੂੰ ਵਿਸਥਾਪਿਤ ਹੋਣ ਲਈ ਮਜਬੂਰ ਕੀਤਾ ਹੈ। ਇਹ ਅੱਗ 123 ਵਰਗ ਕਿਲੋਮੀਟਰ ਦੇ ਆਕਾਰ ਵਿਚ ਸਥਿਰ ਹੈ।
ਦੂਜੇ ਪਾਸੇ ਪੈਟਰੀ ਕ੍ਰੀਕ ਜੰਗਲੀ ਅੱਗ ਆਕਾਰ ਵਿਚ ਬਹੁਤ ਵੱਡੀ ਹੈ। ਬੀ. ਸੀ. ਵਾਈਲਡ ਫਾਇਰ ਸਰਵਿਸ ਵਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਫੋਰਟ ਨੈਲਸਨ ਤੋਂ 25 ਕਿਲੋਮੀਟਰ ਉੱਤਰ ਵਿਚ ਬਲ ਰਹੀ ਇਹ ਅੱਗ 718 ਵਰਗ ਕਿਲੋਮੀਟਰ ਵਿਚ ਫੈਲ ਚੁੱਕੀ ਹੈ।




