Dec 11, 2020 4:39 PM -

ਨਵੇਂ ਫੈਡਰਲ ਅਨੁਮਾਨ ਮੁਤਾਬਕ ਜੇ ਵੱਡੇ ਸੂਬਿਆਂ ਨੇ ਕੋਵਿਡ -19 ਸਬੰਧਤ ਪਾਬੰਦੀਆਂ ਨੂੰ ਤੁਰੰਤ ਸਖ਼ਤ ਨਾ ਕੀਤਾ ਤਾਂ ਕ੍ਰਿਸਮਸ ਦੇ ਦਿਨ ਤੱਕ ਵਾਇਰਸ ਕਾਰਨ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 15,000 ਤੱਕ ਪਹੁੰਚ ਸਕਦੀ ਹੈ।
ਕੈਨੇਡਾ ਵਿੱਚ ਕੋਵਿਡ -19 ਦੇ ਨਵੇਂ ਮਾਡਲਿੰਗ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਵਿਚ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ ਰੋਜ਼ਾਨਾ ਮਾਮਲਿਆਂ ਦੀ ਗਿਣਤੀ 10,000 ਤੱਕ ਪਹੁੰਚ ਸਕਦੀ ਹੈ।
ਅਨੁਮਾਨ ਅਨੁਸਾਰ ਕ੍ਰਿਸਮਸ ਡੇਅ ਤੱਕ ਵਾਇਰਸ ਕਾਰਨ ਜਾਣ ਵਾਲੀਆਂ ਜਾਨਾਂ ਦੀ ਗਿਣਤੀ 14,410 ਤੋਂ 14,920 ਤੱਕ ਪਹੁੰਚ ਸਕਦੀ ਹੈ।
ਡਾਟਾ ਮੁਤਾਬਕ ਇਨਫੈਕਸ਼ਨ ਵਿੱਚ ਸਭ ਤੋਂ ਵੱਧ ਵਾਧਾ ਅਟਲਾਂਟਿਕ ਇਲਾਕੇ ਦੇ 6 ਸੂਬਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਵਿੱਚ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਪ੍ਰਮੁੱਖ ਹਨ।ਕੈਨੇਡਾ ਦੀ ਪ੍ਰਮੁੱਖ ਪਬਲਿਕ ਸਿਹਤ ਅਫ਼ਸਰ ਦਾ ਕਹਿਣਾ ਹੈ ਕਿ ਪੌਜ਼ਿਟਿਵ ਮਾਮਲਿਆਂ ਦੀ ਦਰ 6.5 ਫ਼ੀਸਦੀ ਹੈ, ਅਤੇ 99 ਸਿਹਤ ਖੇਤਰਾਂ ਵਿੱਚੋਂ 49 ਵਿੱਚ ਪ੍ਰਤੀ 100,000 ਅਬਾਦੀ ਵਿੱਚ 100 ਤੋਂ ਵੱਧ ਮਾਮਲੇ ਹਨ।
ਡਾਕਟਰ ਟੈਰੇਸਾ ਟੈਮ ਮੁਤਾਬਕ ਵੱਡੀ ਉਮਰ ਦੇ ਕਨੇਡੀਅਨ ਲੋਕਾਂ ਵਿੱਚ ਖ਼ਾਸਕਰ ਕੇ ਮਾਮਲਿਆਂ ਵਿੱਚ ਗੰਭੀਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੌਂਗ ਟਰਮ ਕੇਅਰ ਹੋਮਾਂ ਵਿੱਚ ਖ਼ਾਸ ਕਰਕੇ ਇਨਫੈਕਸ਼ਨ ਵਧਦੇ ਨਜ਼ਰ ਆ ਰਹੇ ਹਨ।




