Dec 14, 2020 4:08 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਕੋਵਿਡ-19 ਵੈਕਸੀਨ ਦੀ ਪਹਿਲੀ ਸ਼ਿਪਮੈਂਟ ਕੈਨੇਡਾ ਪਹੁੰਚ ਗਈ ਹੈ।
ਟਰੂਡੋ ਨੇ ਇਹ ਐਲਾਨ ਐਤਵਾਰ ਰਾਤ ਨੂੰ ਟਵਿੱਟਰ ਰਾਹੀਂ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਜਿੱਥੇ ਇਹ ਇੱਕ ਵਧੀਆ ਖਬਰ ਹੈ ਉੱਥੇ ਹੀ ਕਨੇਡੀਅਨ ਲੋਕਾਂ ਲਈ ਵਾਇਰਸ ਖ਼ਿਲਾਫ਼ ਲੜਾਈ ਹਾਲੇ ਖਤਮ ਨਹੀਂ ਹੋਈ ਅਤੇ ਚੌਕਸ ਰਹਿਣ ਦੀ ਲੋੜ ਹੈ।
ਫਾਈਜ਼ਰ-ਬਾਇਓਐਨਟੈਕ ਦੀ ਵੈਕਸੀਨ ਨੂੰ ਦੇਸ਼ ਭਰ ਵਿੱਚ 14 ਡਿਸਟ੍ਰੀਬਿਊਸ਼ਨ ਸਾਈਟਾਂ ਤੇ ਭੇਜਿਆ ਜਾਵੇਗਾ।
ਸਾਰੇ 10 ਸੂਬਿਆਂ ਵਿੱਚ ਇਹ ਡਿਸਟ੍ਰੀਬਿਊਸ਼ਨ ਸਥਾਨ ਮੌਜੂਦ ਹਨ ਪਰ ਕਿਸੇ ਵੀ ਟੈਰੇਟੋਰੀ ਵਿੱਚ -70 C ਤਾਪਮਾਨ ਵਿੱਚ ਟੀਕਿਆਂ ਨੂੰ ਰੱਖਣ ਦੀ ਅਸਮਰੱਥਾ ਕਾਰਨ ਉਥੇ ਅਜਿਹੇ ਡਿਸਟ੍ਰੀਬਿਊਸ਼ਨ ਦੇ ਪ੍ਰਬੰਧ ਫਿਲਹਾਲ ਨਹੀਂ ਕੀਤੇ ਜਾ ਸਕੇ ਹਨ।
ਕਿਊਬੈਕ ਪਹਿਲਾ ਅਜਿਹਾ ਸੂਬਾ ਹੈ ਜਿੱਥੇ ਇਹ ਟੀਕੇ ਅੱਜ ਸੋਮਵਾਰ ਤੋਂ ਲਾਉਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਸਭ ਤੋਂ ਪਹਿਲਾਂ ਦੋ ਲੌਂਗ ਟਰਮ ਕੇਅਰ ਹੋਮਾਂ ਦੇ ਵਿੱਚ ਰਹਿੰਦੇ ਵਿਅਕਤੀਆਂ ਨੂੰ ਇਹ ਟੀਕੇ ਲਾਏ ਜਾਣਗੇ।
ਓਂਟਾਰੀਓ ਦੇ ਵਿੱਚ ਫਾਈਜ਼ਰ-ਬਾਇਓਐਨਟੈਕ ਦੇ ਟੀਕਿਆਂ ਦੀਆਂ 6,000 ਖੁਰਾਕਾਂ ਸੋਮਵਾਰ ਨੂੰ ਪਹੁੰਚ ਜਾਣ ਦਾ ਅੰਦਾਜ਼ਾ ਹੈ।
ਔਟਵਾ ਅਤੇ ਟੋਰੌਂਟੋ ਦੇ ਦੋ ਹਸਪਤਾਲਾਂ ਦੇ 2,500 ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਉਪਲੱਭਦ ਕਰਵਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ।
ਬਾਕੀ ਸੂਬਿਆਂ ਦੇ ਵਿੱਚ ਲੌਂਗ ਟਰਮ ਕੇਅਰ ਹੋਮ ਨਾਲ ਸਬੰਧਤ ਵਿਅਕਤੀਆਂ ਅਤੇ ਸਿਹਤ ਸੰਭਾਲ ਕਾਮਿਆਂ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਇਹ ਵੈਕਸੀਨ ਉਪਲੱਬਧ ਕਰਵਾਏ ਜਾਣ ਦੀ ਯੋਜਨਾ ਹੈ।




