May 31, 2024 7:38 PM - The Canadian Press

ਬੀ.ਸੀ. ਨੂੰ ਜੂਨ ਦੇ ਜ਼ਿਆਦਾਤਰ ਸਮੇਂ ਲਈ ਗਰਮ, ਖੁਸ਼ਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਅਰਮੇਲ ਕੈਸਟਲਨ ਨੇ ਅੱਜ ਗਰਮੀਆਂ ਵਿਚ ਮੌਸਮੀ ਤਿਆਰੀ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਜੂਨ ਦੇ ਸ਼ੁਰੂ ਵਿਚ ਸੂਬੇ ਵਿਚ ਮੌਸਮ ਠੰਡਾ ਅਤੇ ਨਮ ਰਹੇਗਾ ਪਰ ਬਾਕੀ ਦਾ ਮਹੀਨਾ ਗਰਮ ਅਤੇ ਖੁਸ਼ਕ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਜੂਨ, ਜੁਲਾਈ ਅਤੇ ਅਗਸਤ ਵਿਚ ਹਾਲਾਤ ਆਮ ਨਾਲੋਂ ਵਧੇਰੇ ਗਰਮ ਹੋਣ ਦੀ ਸੰਭਾਵਨਾ ਹੈ, ਸਿਰਫ ਹੈਦਾ ਗਵਾਈ ਅਤੇ ਵੈਨਕੂਵਰ ਆਈਸਲੈਂਡ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਲਗਭਗ ਸਾਧਾਰਨ ਹੋ ਸਕਦਾ ਹੈ। ਇਸ ਮੌਕੇ ’ਤੇ ਕੈਸਟਲਨ ਦੇ ਨਾਲ ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੋਨੀ ਹੈਨਰੀ,ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਬੀ.ਸੀ. ਦੇ ਊਰਜਾ, ਮਾਈਨ ਅਤੇ ਘੱਟ ਕਾਰਬਨ ਦੀ ਨਵੀਨਤਾ ਮੰਤਰੀ ਜੋਸੀ ਓਸਬੋਰਨ ਅਤੇ ਹੋਰ ਸੂਬਾਈ ਸਟਾਫ ਵੀ ਸ਼ਾਮਲ ਸਨ।
ਹੈਨਰੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੌਸਮ ਤਬਦੀਲੀ ਕਾਰਨ ਸੂਬਾ ਇਸ ਵਾਰ ਜ਼ਿਆਦਾ ਖੁਸ਼ਕ ਅਤੇ ਗਰਮ ਮੌਸਮ ਅਨੁਭਵ ਕਰ ਰਿਹਾ ਹੈ। ਉਸ ਨੇ ਕਿਹਾ ਕਿ ਲੋਕਾਂ ਨੂੰ ਗਰਮੀ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।




