May 16, 2024 5:17 PM - The Canadian Press

ਫੋਰਟ ਨੈਲਸਨ ਨੇੜੇ ਬਲ ਰਹੀ ਭਿਆਨਕ ਜੰਗਲੀ ਅੱਗ ਕਾਰਨ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਮੇਅਰ ਰੌਬ ਫਰੇਜ਼ਰ ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ ਇਸ ਜੰਗਲੀ ਅੱਗ ਕਾਰਨ ਇਕ ਤੋਂ ਜ਼ਿਆਦਾ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਉਹ ਤਬਾਹ ਹੋ ਗਈਆਂ ਹਨ। ਫਰੇਜ਼ਰ ਦਾ ਕਹਿਣਾ ਹੈ ਕਿ ਪਾਰਕ ਝੀਲ ਦੀ ਅੱਗ ਕਾਰਨ ਕੁਝ ਢਾਂਚਾਗਤ ਨੁਕਸਾਨ ਹੋਇਆ ਹੈ।
ਫਰੇਜ਼ਰ ਅਨੁਸਾਰ ਸ਼ਹਿਰ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਅਲਾਸਕਾ ਹਾਈਵੇਅ ਦੇ ਉਸ ਹਿੱਸੇ ਦੇ ਨੇੜੇ ਕੁਝ ਨੁਕਸਾਨ ਹੋਇਆ ਹੈ ਜਿੱਥੇ ਇਹ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਲੱਗੀ ਇਸ ਅੱਗ ਕਾਰਨ ਅੰਦਾਜ਼ਨ 4700 ਲੋਕਾਂ ਨੂੰ ਇਥੋਂ ਚਲੇ ਜਾਣ ਦੇ ਹੁਕਮ ਦਿੱਤੇ ਗਏ ਸਨ। ਹੁਣ ਇਹ ਅੱਗ ਲਗਭਗ 80 ਵਰਗ ਕਿਲੋਮੀਟਰ ਵਿਚ ਫੈਲ ਚੁੱਕੀ ਹੈ।
ਦੁਪਿਹਰ ਨੂੰ ਹੋਈ ਇਕ ਮੀਟਿੰਗ ਵਿਚ ਭਾਈਚਾਰਕ ਅਪਡੇਟ ਦਿੰਦੇ ਹੋਏ ਫਰੇਜ਼ਰ ਨੇ ਕਿਹਾ ਕਿ ਅੱਗ ਨਾਲ ਪ੍ਰਭਾਵਿਤ ਜਾਇਦਾਦਾਂ ਦੇ ਮਾਲਕਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਰੇਜ਼ਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੁਕਸਾਨ ਦੀਆਂ ਫੋਟੋਆਂ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੀ ਬਜਾਏ ਪੁਲਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।




