May 16, 2024 3:16 PM - The Canadian Press

ਬੀ.ਸੀ. ਪੁਲਿਸ ਵਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਆਰੋਪੀ ਬਣਾਏ ਗਏ 22 ਸਾਲਾ ਅਮਨਦੀਪ ਸਿੰਘ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਹੈ ਕਿ ਨਿੱਝਰ ਦੇ ਕਤਲ ਤੋਂ ਦੋ ਦਿਨ ਪਹਿਲਾਂ ਹੀ ਉਸ ਦੀ ਇੱਕ ਮਾਮਲੇ ਨੂੰ ਲੈ ਕੇ ਸਰੀ ਕੋਰਟ ਵਿਚ ਪੇਸ਼ੀ ਹੋਈ ਸੀ। ਸਰੀ ਆਰ. ਸੀ. ਐੱਮ. ਪੀ. ਨੇ ਮਾਰਚ 2023 ਵਿਚ ਪੁਲਿਸ ਤੋਂ ਭੱਜਣ ਅਤੇ ਖ਼ਤਰਨਾਕ ਡਰਾਈਵਿੰਗ ਦੇ ਮਾਮਲੇ ਵਿਚ ਉਸ ’ਤੇ ਚਾਰਜਿਜ਼ ਲਗਾਏ ਗਏ ਸਨ ਅਤੇ ਸ਼ਰਤਾਂ ਨਾਲ ਛੱਡ ਦਿੱਤਾ ਸੀ, ਜਿਸ ਵਿਚ ਉਸ ਨੇ ਸਹਿਮਤੀ ਦਿੱਤੀ ਸੀ ਕਿ ਉਹ ਹਥਿਆਰ ਨਹੀਂ ਰੱਖੇਗਾ, ਨਾ ਡਰਾਈਵਿੰਗ ਕਰੇਗਾ ਅਤੇ ਅਦਾਲਤ ਵਿਚ ਪੇਸ਼ੀ ਲਈ ਹਾਜ਼ਰ ਹੋਵੇਗਾ। 16 ਜੂਨ 2023 ਨੂੰ ਉਹ ਕੋਰਟ ਵਿਚ ਪੇਸ਼ ਹੋਇਆ ਅਤੇ 18 ਜੂਨ ਨੂੰ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ।
ਪੁਲਿਸ ਮੁਤਾਬਕ, ਨਿੱਝਰ ਦੀ ਹੱਤਿਆ ਲਈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਆਸਪਾਸ 6 ਮਿੰਟ ਦੀ ਡਰਾਈਵ ਦੂਰੀ ’ਤੇ ਰਹਿ ਰਿਹਾ ਸੀ। ਇਸ ਤੋਂ ਬਾਅਦ ਉਹ ਓਨਟਾਰੀਓ ਚਲਾ ਗਿਆ, ਜਿੱਥੇ ਬਰੈਂਪਟਨ ਵਿਚ ਇੱਕ ਦੋਸਤ ਨਾਲ ਰਿਹਾ ਅਤੇ ਤਿੰਨ ਨਵੰਬਰ 2023 ਨੂੰ ਟ੍ਰੈਫਿਕ ਸਟੌਪ ਦੌਰਾਨ ਹਥਿਆਰ ਜ਼ਬਤ ਕੀਤੇ ਗਏ ਅਤੇ ਉਦੋਂ ਤੋਂ ਉਹ ਪੀਲ ਪੁਲਿਸ ਦੀ ਹਿਰਾਸਤ ਵਿਚ ਸੀ।
ਨਿੱਝਰ ਕਤਲ ਮਾਮਲੇ ਵਿਚ ਹੁਣ ਉਹ ਆਪਣੇ ਸਾਥੀ ਮੁਲਜ਼ਮਾਂ ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ’ਤੇ ਲਗਾਏ ਗਏ ਫਰਸਟ ਡਿਗਰੀ ਮਰਡਰ ਅਤੇ ਸਾਜ਼ਿਸ਼ ਦੇ ਉਹੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਚਾਰੋ ਮੁਲਜ਼ਮਾਂ ਦੀ ਅਗਲੀ ਪੇਸ਼ੀ ਸਰੀ ਪ੍ਰੋਵਿੰਸ਼ੀਅਲ ਕੋਰਟ ਵਿਚ 21 ਮਈ ਨੂੰ ਹੋਣੀ ਹੈ।




