Jun 15, 2022 2:02 PM - ANI

ਪੰਜਾਬ ਪਹੁੰਚੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਰੋਧੀਆਂ 'ਤੇ ਜਮ ਕੇ ਨਿਸ਼ਾਨੇ ਸਾਧੇ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਚੁੱਕੇ ਜਾ ਰਹੇ ਮੁੱਦੇ 'ਤੇ ਬੋਲਦੇ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਹੁਣ ਇੱਕ ਇਮਾਨਦਾਰ ਸਰਕਾਰ ਹੈ, ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਰਾਜ ਵਿੱਚ ਪੈਦਾ ਹੋਏ।
ਮੁੱਖ ਮੰਤਰੀ ਭਗਵੰਤ ਮਾਨ ਦੀ ਹਮਾਇਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, "ਮੈਂ ਵਿਰੋਧੀ ਧਿਰ ਨੂੰ ਪੁੱਛਦਾ ਹਾਂ, ਕੀ ਮਾਨ ਸ੍ਹਾਬ ਗੈਂਗਸਟਰਾਂ ਨੂੰ ਆਪਣੇ ਨਾਲ ਲੈ ਕੇ ਆਏ ਹਨ? ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹਨ। ਕੋਈ ਵੀ ਗੈਂਗਸਟਰ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ।"
ਗੌਰਤਲਬ ਹੈ ਕਿ ਜਲੰਧਰ ਤੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਹਵਾਈ ਅੱਡੇ ਤੱਕ ਲਗਜ਼ਰੀ ਬੱਸ ਸੇਵਾ ਦੀ ਸ਼ੁਰੂਆਤ ਕਰਨ ਲਈ ਕੇਜਰੀਵਾਲ ਜਲੰਧਰ ਆਏ ਹੋਏ ਸਨ।
ਇਸ ਮੌਕੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਬੋਲਦੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, "ਪਟਿਆਲਾ ਝੜਪ ਦੇ ਮੁਲਜ਼ਮ 24 ਘੰਟਿਆਂ ਦੇ ਅੰਦਰ ਫੜੇ ਗਏ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ।" ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ 'ਚ ਉਹ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਕਈ ਸਾਲ ਸੱਤਾ ਵਿਚ ਰਹਿਣ ਦੇ ਬਾਵਜੂਦ ਨਹੀਂ ਕਰ ਸਕੀਆਂ।




