Jul 29, 2026 4:08 PM - Connect Newsroom - Ramanpreet kaur with files from The Canadian Press

ਕੈਨੇਡਾ ਅਤੇ ਅਮਰੀਕਾ ਵਿਚਕਾਰ ਗੋਰਡੀ ਹਾਵੇ ਇੰਟਰਨੈਸ਼ਨਲ ਬ੍ਰਿਜ ਖੁੱਲ੍ਹਣ ਦੇ ਪਹਿਲੇ 12 ਘੰਟਿਆਂ ਵਿਚ ਲਗਭਗ 7,500 ਵਾਹਨਾਂ ਨੇ ਇਸ ਨਵੇਂ ਪੁਲ ਨੂੰ ਪਾਰ ਕੀਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਇਤਿਹਾਸਕ ਸਰਹੱਦੀ ਲਾਂਘਾ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਆਵਾਜਾਈ ਲਈ ਖੋਲ੍ਹਿਆ ਗਿਆ ਸੀ, ਜਿਸ 'ਤੇ ਸਭ ਤੋਂ ਪਹਿਲਾਂ ਹੌਕੀ ਦੇ ਦਿੱਗਜ ਖਿਡਾਰੀ ਗੋਰਡੀ ਹਾਵੇ ਦੇ ਪਰਿਵਾਰ ਨੇ ਨਿੱਜੀ ਗੱਡੀ ਰਾਹੀਂ ਅਤੇ Onfreight Logistics ਦੇ ਇੱਕ ਟਰੱਕ ਨੇ ਵਪਾਰਕ ਵਾਹਨ ਵਜੋਂ ਸਫ਼ਰ ਕੀਤਾ।
ਪਹਿਲੇ ਦਿਨ ਜ਼ਿਆਦਾਤਰ ਨਿੱਜੀ ਅਤੇ ਲੋਕਲ ਗੱਡੀਆਂ ਹੀ ਦੇਖਣ ਨੂੰ ਮਿਲੀਆਂ ਕਿਉਂਕਿ ਵਪਾਰਕ ਟਰੱਕ ਚਾਲਕਾਂ ਨੂੰ ਨਵੇਂ ਰੂਟ ਰਾਹੀਂ ਜਾਣ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਵਿਚ ਸਮਾਂ ਲੱਗ ਰਿਹਾ ਸੀ। 6.4 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਇਹ 6-ਲੇਨ ਦਾ ਪੁਲ ਪਿਛਲੇ 60 ਸਾਲਾਂ ਵਿਚ ਓਨਟਾਰੀਓ ਅਤੇ Michigan ਵਿਚਕਾਰ ਬਣਿਆ ਪਹਿਲਾ ਨਵਾਂ ਲਾਂਘਾ ਹੈ, ਜੋ ਉੱਤਰੀ ਅਮਰੀਕਾ ਦਾ ਸਭ ਤੋਂ ਲੰਬਾ ਕੇਬਲ-ਸਟੇਡ ਪੁਲ ਹੈ।
ਹਾਈਵੇ 401 ਅਤੇ ਇੰਟਰਸਟੇਟ 75 ਵਿਚਕਾਰ ਸਫ਼ਰ ਨੂੰ ਤੇਜ਼ ਕਰਨ ਲਈ ਇਸ ਟਰਮੀਨਲ 'ਤੇ 16 ਟੋਲ ਲੇਨ, 60 ਇੰਸਪੈਕਸ਼ਨ ਲੇਨ ਅਤੇ ਉੱਨਤ ਐਕਸ-ਰੇ ਸਕੈਨਿੰਗ ਤਕਨੀਕ ਲਗਾਈ ਗਈ ਹੈ, ਜਦੋਂ ਕਿ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ ਖਾਸ ਰਸਤਾ 5 ਅਗਸਤ ਨੂੰ ਖੋਲ੍ਹਿਆ ਜਾਵੇਗਾ।




