Oct 23, 2026 1:28 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਸੱਭਿਆਚਾਰ ਮੰਤਰੀ ਮਾਰਕ ਮਿਲਰ ਨੇ ਡਿਜੀਟਲ ਸੇਫਟੀ ਰੈਗੂਲੇਟਰ ਨੂੰ ਸਥਾਪਿਤ ਕਰਨ ਲਈ ਬਿੱਲ C-34 ਨੂੰ ਜਲਦ ਕਾਨੂੰਨੀ ਰੂਪ ਦੇਣ ਦੇ ਸੰਕੇਤ ਦਿੱਤੇ ਹਨ, ਜਿਸ ਵਿਚ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣਾ ਸ਼ਾਮਲ ਹੈ।
ਵੀਰਵਾਰ ਨੂੰ ਮਾਂਟਰੀਅਲ਼ ਵਿਚ ਮੈਕਗਿਲ ਯੂਨੀਵਰਸਿਟੀ ਦੀ ਇੱਕ ਕਾਨਫਰੰਸ ਦੌਰਾਨ ਮਿਲਰ ਨੇ ਭਰੋਸਾ ਦਿੱਤਾ ਕਿ ਸਰਕਾਰ ਬਿੱਲ C-34 ਨੂੰ ਜਿੰਨੀ ਜਲਦੀ ਹੋ ਸਕੇ ਅੱਗੇ ਵਧਾ ਰਹੀ ਹੈ ਪਰ ਉਨ੍ਹਾਂ ਇਸ ਦੀ ਕੋਈ ਸਮਾਂ-ਸੀਮਾ ਨਹੀਂ ਦਿੱਤੀ। ਇਸ ਕਾਨੂੰਨ ਦੀ ਨਿਗਰਾਨੀ ਕੈਨੇਡਾ ਦੇ ਨਵੇਂ ਡਿਜੀਟਲ ਸੇਫਟੀ ਐਂਡ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਵੱਲੋਂ ਕੀਤੀ ਜਾਣੀ ਹੈ, ਜਿਸ ਦੇ ਸਥਾਪਿਤ ਹੋਣ ਵਿਚ ਅਧਿਕਾਰੀਆਂ ਵਲੋਂ 18 ਮਹੀਨੇ ਲੱਗਣ ਦੀ ਸੰਭਾਵਨਾ ਜਤਾਈ ਗਈ ਸੀ।
ਹਾਲਾਂਕਿ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਐਲੇਕਸ ਮੰਟਰ ਸਮੇਤ ਕਈ ਮਾਹਿਰਾਂ ਨੇ ਇਸ ਲੰਬੇ ਸਮੇਂ 'ਤੇ ਚਿੰਤਾ ਜ਼ਾਹਰ ਕੀਤੀ ਹੈ, ਉਹਨਾਂ ਕਿਹਾ ਕਿ ਮਾਪੇ ਜਿੰਨੀ ਜਲਦੀ ਹੋ ਸਕੇ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਨ। ਮਿਲਰ ਨੇ ਇਨ੍ਹਾਂ ਚਿੰਤਾਵਾਂ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਉਹ ਖ਼ੁਦ ਇਸ ਦੇ ਜਲਦ ਗਠਨ ਲਈ ਫ਼ਿਕਰਮੰਦ ਹਨ ਅਤੇ ਇਸ ਲਈ ਕੰਮ ਕਰ ਰਹੇ ਹਨ।




