Jul 10, 2024 6:13 PM - The Canadian Press

ਅਗਾਸਿਸ ਵਿਚ ਕੱਲ੍ਹ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ ਪੂਰੇ ਪਰਿਵਾਰ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਨੇ ਅੱਜ ਇਸ ਮਾਮਲੇ ਵਿਚ ਇਕ ਅਪਡੇਟ ਦਿੰਦੇ ਦੱਸਿਆ ਕਿ ਇਹ ਹਾਦਸਾ ਕੱਲ੍ਹ ਤੜਕੇ 3:30 ਵਜੇ ਦੇ ਕਰੀਬ ਮਾਰੀਆ ਲੇਨ ਤੋਂ ਲੋਫੇਟ ਰੋਡ ਦਰਮਿਆਨ ਲੋਹੀਡ ਹਾਈਵੇਅ ਦੇ ਨੇੜੇ ਹੋਇਆ ਜਦੋਂ ਇਕ ਐੱਸ.ਯੂ.ਵੀ. ਅਤੇ ਇਕ ਸੈਮੀ-ਟਰੱਕ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ।
ਪੁਲਿਸ ਨੇ ਦੱਸਿਆ ਕਿ ਮੌਕੇ ’ਤੇ ਕਾਰ ਵਿਚ ਇਕੋ ਪਰਿਵਾਰ ਦੇ 3 ਜੀਅ ਸਵਾਰ ਸਨ ਜਦਕਿ ਸੈਮੀ ਵਿਚ ਇਕੱਲਾ ਡਰਾਇਵਰ ਹੀ ਮੌਜੂਦ ਸੀ। ਐੱਸ.ਯੂ.ਵੀ. ਵਿਚ ਸਵਾਰ 2 ਬਾਲਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਬੱਚੇ ਨੂੰ ਏਅਰਲਿਫ਼ਟ ਕਰਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿਚ ਸੈਮੀ ਟਰੱਕ ਦੇ ਡਰਾਇਵਰ ਨੂੰ ਕੋਈ ਸੱਟ ਨਹੀਂ ਲੱਗੀ।
ਪੁਲਿਸ ਦਾ ਮੰਨਣਾ ਹੈ ਕਿ ਇਸ ਹਾਦਸੇ ਦਾ ਕਾਰਨ ਸ਼ਰਾਬ ਜਾਂ ਕੋਈ ਨਸ਼ੀਲਾ ਪਦਾਰਥ ਨਹੀਂ ਸੀ। ਸਾਰਜੇਂਟ ਐਂਡੀ ਲੋਟ ਅਨੁਸਾਰ ਮ੍ਰਿਤਕਾਂ ਵਿਚ ਇਕ 40 ਸਾਲ ਦਾ ਪਿਤਾ, 30 ਸਾਲ ਦੀ ਮਾਂ ਅਤੇ ਉਨ੍ਹਾਂ ਦਾ 2 ਸਾਲ ਦਾ ਬੱਚਾ ਸ਼ਾਮਲ ਹਨ।
ਪੁਲਿਸ ਅਨੁਸਾਰ ਇਹ ਪਰਿਵਾਰ ਨੇੜੇ ਦੀ ਹੀ ਡੇਰੋਚੇ ਕਮਿਊਨਟੀ ਦਾ ਰਹਿਣ ਵਾਲਾ ਸੀ। ਪੁਲਿਸ ਵਲੋਂ ਇਸ ਹਾਦਸੇ ਸੰਬੰਧੀ ਕੋਈ ਵੀ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਆਦਿ ਹੋਣ ’ਤੇ ਤੁਰੰਤ ਅਗਾਸਿਸ ਆਰ.ਸੀ.ਐੱਮ.ਪੀ. ਨਾਲ 604-796-2211 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।




