Jul 12, 2024 3:36 PM - The Canadian Press

ਨੋਵਾ ਸਕੋਸ਼ੀਆ ਵਿਚ ਬੀਤੀ ਰਾਤ ਭਾਰੀ ਬਾਰਸ਼ ਹੋਈ ਅਤੇ ਇੱਕ ਵਾਰ ਫਿਰ ਉਸ ਇਲਾਕੇ ਵਿਚ ਸੜਕਾਂ ਵਹਿ ਗਈਆਂ ਤੇ ਕੁਝ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ, ਜਿੱਥੇ ਸਾਲ ਪਹਿਲਾਂ ਹੜ੍ਹ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਵਾਤਾਵਰਣ ਕੈਨੇਡਾ ਨੇ ਵੀਰਵਾਰ ਰਾਤ ਸੂਬੇ ਦੇ ਡਿਗਬੀ, ਐਨਾਪੋਲਿਸ, ਕਿੰਗਜ਼ ਅਤੇ ਹੈਂਟਸ ਕਾਉਂਟੀਜ਼ ਇਲਾਕਿਆਂ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ।
ਮੌਸਮ ਏਜੰਸੀ ਨੇ ਕਿਹਾ ਕਿ ਤੂਫਾਨ ਬੇਰੀਲ ਦੇ ਜਾਂਦੇ-ਜਾਂਦੇ ਸੂਬੇ ਵਿਚੋਂ ਲੰਘਣ ਕਾਰਨ ਕੁਝ ਹੀ ਘੰਟਿਆਂ ਵਿਚ 100 ਮਿਲੀਲੀਟਰ ਤੋਂ ਵੱਧ ਬਾਰਸ਼ ਹੋਈ। ਉਥੇ ਹੀ, ਐਨਾਪੋਲਿਸ ਵੈਲੀ ਦੇ ਕੁਝ ਇਲਾਕਿਆਂ ਨੇ 110 ਮਿਲੀਲੀਟਰ ਤੱਕ ਬਾਰਸ਼ ਹੋਣ ਦੀ ਰਿਪੋਰਟ ਕੀਤੀ।
ਬਰੁਕਲਿਨ ਵਾਲੰਟੀਅਰ ਫਾਇਰ ਡਿਪਾਰਟਮੈਂਟ ਦੇ ਚੀਫ ਬੈ੍ਰਟ ਟੈਟਨਿਸ਼ ਨੇ ਦੱਸਿਆ ਕਿ ਵੈਸਟ ਹੈਂਟਸ ਖ਼ੇਤਰੀ ਨਗਰਪਾਲਿਕਾ ਜਲਥਲ ਹੋ ਗਈ, ਕੁਝ ਸੜਕਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਕਈ ਲੋਕਾਂ ਦੇ ਬੇਸਮੈਂਟ ਵਿਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜੁਲਾਈ ਵਿਚ ਇਸੇ ਇਲਾਕੇ ਵਿਚ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋਈ ਸੀ।
ਟੈਟਨਿਸ਼ ਮੁਤਾਬਕ, ਵੈਸਟ ਹੈਂਟਸ ਦੇ ਨੇੜਲੇ ਇਲਾਕੇ ਵਿਚ ਹੜ੍ਹ ਦੇ ਪਾਣੀ ਕਾਰਨ ਇੱਕ ਘਰ ਦਾ ਸੜਕ ਨਾਲ ਸੰਪਰਕ ਟੁੱਟਣ ਕਾਰਨ ਤਿੰਨ ਲੋਕ ਰੈਸਕਿਊ ਕੀਤੇ ਗਏ।
ਹਾਲਾਂਕਿ, ਫਾਇਰ ਚੀਫ ਨੇ ਕਿਹਾ ਕਿ ਹੜ੍ਹ ਦੀ ਸਥਿਤੀ ਪਿਛਲੇ ਸਾਲ ਦੀ ਤੁਲਨਾ ਵਿਚ ਘੱਟ ਗੰਭੀਰ ਹੈ, ਬੀਤੇ ਸਾਲ 20 ਅਤੇ 21 ਜੁਲਾਈ ਨੂੰ ਮਾਤਰ 24 ਘੰਟਿਆਂ ਵਿਚ 250 ਐੱਮ.ਐੱਮ. ਤੋਂ ਵੱਧ ਬਾਰਸ਼ ਹੋਈ ਸੀ।




