Jun 3, 2024 5:43 PM - The Canadian Press

ਬ੍ਰਿਟਿਸ਼ ਕੋਲੰਬੀਆ ਦੇ ਮੈਕੇਂਜੀ ਬੁਲੇਵਾਰਡ ਦੇ 400 ਬਲਾਕ ਵਿਚ ਸ਼ਨੀਵਾਰ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਅਤੇ ਇਸ ਮਾਮਲੇ ਦੀ ਪੁਲਿਸ ਵੌਚਡੌਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਦੁਪਹਿਰ ਤਕਰੀਬਨ 2 ਵਜੇ ਬੈਂਕ ਵਲੋਂ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਧੋਖੇ ਨਾਲ ਹਾਸਿਲ ਕੀਤੇ ਚੈੱਕ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੁਲਿਸ ਮੁਤਾਬਕ ਜਦ ਅਧਿਕਾਰੀ ਮੈਕੇਂਜੀ ਸੈਂਟਰਲ ਮਾਲ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਉਸ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਹਥਿਆਰ ਕੱਢ ਲਿਆ। ਇਸ ਦੌਰਾਨ ਇਕ ਅਧਿਕਾਰੀ ਨੇ ਆਪਣੀ ਬੰਦੂਕ ਨਾਲ ਸ਼ੱਕੀ ਨੂੰ ਗੋਲੀ ਮਾਰੀ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਬੀ. ਸੀ. ਦੇ ਸੁਤੰਤਰ ਜਾਂਚ ਦਫ਼ਤਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ,ਜੋ ਪੁਲਿਸ ਵਲੋਂ ਮਾਰੇ ਗਏ ਜਾਂ ਜ਼ਖਮੀ ਕੀਤੇ ਲੋਕਾਂ ਦੇ ਮਾਮਲੇ ਦੀ ਜਾਂਚ ਕਰਦਾ ਹੈ।
ਇਨਵੈਸਟੀਗੇਸ਼ਨ ਅਧਿਕਾਰੀ ਮੁਤਾਬਕ ਗੋਲੀਬਾਰੀ ਮੈਕੇਂਜੀ ਬੁਲੇਵਾਰਡ ਦੇ 400 ਬਲਾਕ ਕੋਲ ਹੋਈ ਜੋ ਕਿ ਮੈਕੇਂਜੀ ਸੈਂਟਰਲ ਮਾਲ ਨੇੜੇ ਹੈ। ਜਦ ਪੁਲਿਸ ਇੱਥੇ ਪੁੱਜੀ ਤਾਂ ਅਧਿਕਾਰੀ ਅਤੇ ਵਿਅਕਤੀ ਵਿਚਕਾਰ ਪਾਰਕਿੰਗ ਵਾਲੀ ਥਾਂ ਨੇੜੇ ਝਗੜਾ ਹੋਇਆ ਅਤੇ ਇਸ ਦੌਰਾਨ ਪੁਲਿਸ ਵਲੋਂ ਗੋਲੀ ਚਲਾਈ ਗਈ। ਉਨ੍ਹਾਂ ਨੇ ਵਿਅਕਤੀ ਵਲੋਂ ਹਥਿਆਰ ਕੱਢਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਨਵੈਸਟੀਗੇਸ਼ਨ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ ਸੰਪਰਕ ਕਰਕੇ ਦੱਸ ਸਕਦਾ ਹੈ।




