Aug 14, 2024 4:12 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਟੋਰਾਂਟੋ ਵਿਚ ਗ੍ਰਿਫਤਾਰ ਕੀਤੇ ਗਏ ਆਈ.ਐੱਸ.ਆਈ.ਐੱਸ. ਨਾਲ ਜੁੜੇ ਸ਼ੱਕੀ ਦੀ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਵਿਰੋਧੀ ਧਿਰ ਦੇ ਹਮਲੇ ਦਾ ਸਾਹਮਣਾ ਕਰ ਰਹੀ ਹੈ। ਇਸ ਵਿਚਕਾਰ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਬਿਆਨ ਆਇਆ ਹੈ ਕਿ ਫੈਡਰਲ ਸਰਕਾਰ ਇਸ ਗੱਲ ’ਤੇ ਵਿਚਾਰ ਕਰ ਰਹੀ ਹੈ ਕਿ ਕੀ ਆਰੋਪੀ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਜਾਂ ਨਹੀਂ।
ਨੋਵਾ ਸਕੋਸ਼ੀਆ ਵਿਚ ਅੱਜ ਇੱਕ ਨਿਊਜ਼ ਕਾਨਫਰੰਸ ਦੌਰਾਨ ਮਿਲਰ ਨੇ ਕਿਹਾ ਕਿ ਮੈਂ ਵੀ ਹੋਰ ਕੈਨੇਡੀਅਨ ਦੀ ਤਰ੍ਹਾਂ ਨਿਰਾਸ਼ ਤੇ ਚਿੰਤਤ ਹਾਂ ਅਤੇ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਿੰਮੇਵਾਰੀ ਮੇਰੀ ਹੈ ਅਤੇ ਮੈਂ ਇਹ ਜ਼ਰੂਰ ਦੇਖਾਂਗਾ ਕਿ ਸ਼ੁਰੂਆਤੀ ਸਬੂਤਾਂ ਦੇ ਆਧਾਰ ’ਤੇ ਸਬੰਧਤ ਵਿਅਕਤੀ ਦੀ ਨਾਗਰਿਕਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ 62 ਸਾਲਾ ਅਹਿਮਦ ਫੂਆਦ ਮੁਸਤਫਾ ਏਲਦੀਦੀ ਜਿਸ ’ਤੇ 2015 ਵਿਚ ਇਸਲਾਮਿਕ ਸਟੇਟ ਲਈ ਕੈਨੇਡਾ ਤੋਂ ਬਾਹਰ ਕਿਤੇ ਗੰਭੀਰ ਹਮਲੇ ਦਾ ਵੀ ਆਰੋਪ ਹੈ।
ਉਸ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਉਸ ਦੇ ਨਾਲ ਗ੍ਰਿਫਤਾਰ ਕੀਤੇ ਉਸ ਦੇ 26 ਸਾਲਾ ਬੇਟੇ ਕੋਲ ਕੈਨੇਡੀਅਨ ਨਾਗਰਿਕਤਾ ਨਹੀਂ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਏਲਦੀਦੀ ਨੂੰ ਨਾਗਰਿਕਤਾ 2015 ਤੋਂ ਪਹਿਲਾਂ ਮਿਲੀ ਸੀ ਜਾਂ ਬਾਅਦ ਵਿਚ? ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰੇ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਹਮਲਾ ਬੋਲਿਆ ਹੈ, ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਅਸਫਲਤਾਵਾਂ ਨਾਲ ਦੇਸ਼ ਨੂੰ ਖਤਰੇ ਵਿਚ ਪਾ ਰਹੀ ਹੈ।




