Jul 11, 2024 6:17 PM - Connect Newsroom

ਕੈਨੇਡਾ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਾ ਦਿਨਬਦਿਨ ਚੜ੍ਹ ਰਿਹਾ ਹੈ। ਇਸ ਵਿਚਕਾਰ ਪਾਰਟੀਆਂ ਇੰਡੀਜਨਸ ਦਾ ਸਮਰਥਨ ਹਾਸਲ ਕਰਨ ਲਈ ਵੀ ਜ਼ੋਰ ਲਗਾ ਰਹੀਆਂ ਹਨ।
ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰੇ ਵਲੋਂ ਅੱਜ ਮਾਂਟਰੀਅਲ ਵਿਚ ਫਸਟ ਨੇਸ਼ਨ ਸ਼ੈਫ ਨਾਲ ਕਈ ਵਾਅਦੇ ਕੀਤੇ ਜਾਣ ਤੋਂ ਬਾਅਦ ਐੱਨਡੀਪੀ ਲੀਡਰ ਜਗਮੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਪੀਅਰੇ ਪੋਲੀਵਰੇ ’ਤੇ ਤਿੱਖੇ ਨਿਸ਼ਾਨੇ ਸਾਧੇ।
ਕੈਨੇਡਾ ਦੇ ਮੂਲ ਨਿਵਾਸੀਆਂ ਦੀ ਸਾਲਾਨਾ ਬੈਠਕ ਵਿਚ ਜਗਮੀਤ ਸਿੰਘ ਕਿਹਾ ਕਿ ਪੋਲੀਵਰੇ ਫ੍ਰੀਡਮ ਦੀ ਗੱਲ ਤਾਂ ਬਹੁਤ ਕਰਦੇ ਹਨ ਪਰ ਅਸਲ ਵਿਚ ਉਹ ਸਿਰਫ ਖੁਦ ਦੀ ਆਜ਼ਾਦੀ ਵਿਚ ਦਿਲਚਸਪੀ ਰੱਖਦੇ ਹਨ। ਸਿੰਘ ਨੇ ਕਿਹਾ ਕਿ ਪੋਲੀਵਰੇ ਨੂੰ ਕਿਸੇ ਦੀ ਪਰਵਾਹ ਨਹੀਂ ਅਤੇ ਓਹੀ ਹਨ ਜਿਸ ਨੇ ਕਿਹਾ ਸੀ ਕਿ ਰਿਹਾਇਸ਼ੀ ਸਕੂਲਾਂ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਨਹੀਂ ਸਗੋਂ ਸਖ਼ਤ ਮਿਹਨਤ ਦੀ ਲੋੜ ਹੈ।
ਗੌਰਤਲਬ ਹੈ ਕਿ ਪੋਲੀਵਰੇ ਨੇ ਰਿਹਾਇਸ਼ੀ ਸਕੂਲਾਂ ਦੇ ਪੀੜਤਾਂ ਬਾਰੇ ਟਿੱਪਣੀ 16 ਸਾਲ ਪਹਿਲਾਂ ਕੀਤੀ ਸੀ ਅਤੇ ਬਾਅਦ ਵਿਚ ਹਾਊਸ ਆਫ ਕਾਮਨ ਵਿਚ ਖੜ੍ਹੇ ਹੋ ਕੇ ਮਾਫੀ ਮੰਗ ਲਈ ਸੀ।
ਉਨ੍ਹਾਂ 2008 ਵਿਚ ਇੱਕ ਰੇਡੀਓ ’ਤੇ ਗੱਲਬਾਤ ਕਰਨ ਦੌਰਾਨ ਕਿਹਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਨੂੰ ਉਸ ਪੈਸੇ ਦਾ ਮੁੱਲ ਵਾਪਸ ਮੁੜ ਰਿਹਾ ਹੈ ਜੋ ਰਿਹਾਇਸ਼ੀ ਸਕੂਲਾਂ ਦੇ ਸਾਬਕਾ ਸਟੂਡੈਂਟਸ ਨੂੰ ਮੁਆਵਜ਼ਾ ਦੇਣ ਲਈ ਖ਼ਰਚ ਕੀਤਾ ਜਾ ਰਿਹਾ ਹੈ।




