Mar 27, 2025 7:24 PM - Connect Newsroom

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਔਟਵਾ ਦੇ ਰੌਕਲਿਫ ਇਲਾਕੇ ਵਿਚ ਇੱਕ ਘਰ ਕਿਰਾਏ 'ਤੇ ਲਿਆ ਹੈ, ਜਿੱਥੇ ਉਨ੍ਹਾਂ ਦੀ ਘੱਟੋ-ਘੱਟ ਇੱਕ ਸਾਲ ਹੋਰ ਰਹਿਣ ਦੀ ਯੋਜਨਾ ਹੈ। ਕਿਰਾਏ 'ਤੇ ਲਿਆ ਇਹ ਘਰ ਪ੍ਰਧਾਨ ਮੰਤਰੀ ਦੀ ਪੁਰਾਣੀ ਸਰਕਾਰੀ ਰਿਹਾਇਸ਼ 24 ਸਸੇਕਸ ਡਰਾਈਵ ਦੇ ਗੁਆਂਢ ਵਿਚ ਹੈ, ਜਿੱਥੇ ਟਰੂਡੋ ਆਪਣੇ ਪਿਤਾ ਦੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਬਚਪਨ ਵਿਚ ਰਿਹਾ ਕਰਦੇ ਸਨ।
ਸੂਤਰਾਂ ਨੇ ਕਿਹਾ ਕਿ ਔਟਵਾ ਵਿਚ ਹੋਣ ਦੇ ਬਾਵਜੂਦ ਟਰੂਡੋ ਦੀ ਫੈਡਰਲ ਚੋਣਾਂ ਦੀ ਕੰਪੇਨ ਵਿਚ ਸ਼ਾਮਲ ਹੋਣ ਦੀ ਕੋਈ ਯੋਜਨਾ ਨਹੀਂ ਹੈ। ਰਿਪੋਰਟਸ ਦਾ ਕਹਿਣਾ ਹੈ ਕਿ ਟਰੂਡੋ ਇਸ ਘਰ ਵਿਚ ਉਦੋਂ ਤੱਕ ਰਹਿਣਾ ਚਾਹੁੰਦੇ ਹਨ ਜਦੋਂ ਤੱਕ ਉਨ੍ਹਾਂ ਦੀ ਬੇਟੀ ਐਲਾ-ਗ੍ਰੇਸ ਅਤੇ ਛੋਟੇ ਬੇਟੇ ਹੈਡਰੀਅਨ ਦੀ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਟਰੂਡੋ ਇੱਕ ਵਾਰ ਵੀ ਜਨਤਕ ਤੌਰ 'ਤੇ ਸਾਹਮਣੇ ਨਹੀਂ ਆਏ ਹਨ। ਕਰੀਬ ਪਿਛਲੇ ਹਫ਼ਤੇ ਉਨ੍ਹਾਂ ਨੇ ਕੈਨੇਡੀਅਨ ਟਾਇਰ ਵਿਖੇ ਕਿਚਨ ਦੇ ਸਾਮਾਨ ਦੀ ਖ਼ਰੀਦਦਾਰੀ ਕਰਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ।




