May 16, 2022 3:04 PM - ANI

ਲਾਈਫ ਕਾਰਪੋਰੇਸ਼ਨ ਆਫ ਇੰਡੀਆ ਮੰਗਲਵਾਰ ਨੂੰ ਪਹਿਲੀ ਵਾਰ ਸਟਾਕ ਮਾਰਕੀਟ ਵਿਚ ਆਪਣੀ ਸ਼ੁਰੂਆਤ ਕਰੇਗੀ। ਕੰਪਨੀ ਦੇ ਸ਼ੇਅਰ ਆਪਣੇ ਇਸ਼ੂ ਪ੍ਰਾਈਸ ਤੋਂ ਘੱਟ ਕੀਮਤ 'ਤੇ ਲਿਸਟ ਹੋਣ ਦੀ ਸੰਭਾਵਨਾ ਹੈ, ਜਿਸ ਦਾ ਸੰਕੇਤ ਗ੍ਰੇ ਮਾਰਕੀਟ ਤੋਂ ਮਿਲ ਰਿਹਾ ਹੈ। ਸੋਮਵਾਰ ਨੂੰ ਗ੍ਰੇ ਮਾਰਕੀਟ ਵਿਚ ਐੱਲ. ਆਈ. ਸੀ. ਦੇ ਸ਼ੇਅਰ ਡਿਸਕਾਊਂਟ 'ਤੇ ਟ੍ਰੇਡ ਕਰ ਰਹੇ ਸਨ। ਇੰਟਰਾ-ਡੇਅ ਦੌਰਾਨ ਵੀ ਲਗਭਗ ਇਹੀ ਸੰਕੇਤ ਮਿਲੇ। ਇਸ ਦਾ ਮਤਲਬ ਹੈ ਕਿ ਸਟਾਕ ਐਕਸਚੇਂਜਾਂ 'ਤੇ ਐੱਲ. ਆਈ. ਸੀ. ਦੀ ਲਿਸਟਿੰਗ ਇਸ ਦੇ ਇਸ਼ੂ ਪ੍ਰਾਈਸ 949 ਰੁਪਏ ਦੇ ਲਗਭਗ ਬਰਾਬਰ ਜਾਂ ਇਸ ਤੋਂ ਹੇਠਾਂ ਹੋਵੇਗੀ।
ਗ੍ਰੇ ਮਾਰਕੀਟ ਵਿਚ ਐੱਲ. ਆਈ. ਸੀ. ਦੇ ਸ਼ੇਅਰ 15 ਤੋਂ 20 ਰੁਪਏ ਦੇ ਡਿਸਕਾਊਂਟ ਨਾਲ ਟ੍ਰੇਡ ਕਰ ਰਹੇ ਸਨ। ਬਾਜ਼ਾਰ ਵਿਚ ਹਾਲ ਹੀ ਦੀ ਉਥਲ-ਪੁਥਲ ਦੀ ਵਜ੍ਹਾ ਨਾਲ ਗ੍ਰੇ ਮਾਰਕੀਟ ਵਿਚ ਐੱਲ. ਆਈ. ਸੀ. ਦੇ ਸ਼ੇਅਰਾਂ ਦੀ ਕੀਮਤ ਵਿਚ ਤੇਜ਼ ਗਿਰਾਵਟ ਆਈ ਹੈ।
ਗੌਰਤਲਬ ਹੈ ਕਿ ਗ੍ਰੇ ਮਾਰਕੀਟ ਵਿਚ ਐੱਲ. ਆਈ. ਸੀ. ਦੇ ਸ਼ੇਅਰ ਆਪਣੇ ਪੀਕ ਦੌਰਾਨ 95 ਰੁਪਏ ਪ੍ਰਤੀ ਸ਼ੇਅਰ ਉੱਪਰ ਰਹੇ ਹਨ ਪਰ ਇਹ ਇਸ ਦਾ ਆਈ. ਪੀ. ਓ. ਪਬਲਿਕ ਲਈ ਖੁੱਲ੍ਹਣ ਤੋਂ ਪਹਿਲਾਂ ਸੀ। ਐੱਲ. ਆਈ. ਸੀ. ਦਾ ਆਈ. ਪੀ. ਓ. 2.5 ਗੁਣਾ ਸਬਸਕ੍ਰਾਈਬਡ ਹੋਇਆ ਹੈ। ਇਹ ਆਈ. ਪੀ. ਓ. ਜਨਤਾ ਲਈ 4 ਮਈ ਤੋਂ ਖੁੱਲ੍ਹਾ ਸੀ ਅਤੇ 9 ਮਈ ਨੂੰ ਬੰਦ ਹੋ ਗਿਆ ਸੀ।




