May 22, 2024 5:20 PM - The Canadian Press

ਵੈਨਕੂਵਰ ਦੇ ਰਿਟੇਲਰ ਲੰਡਨ ਡਰੱਗ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀਆਂ ਵਲੋਂ ਡਾਟਾ ਲੀਕ ਕਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਕੋਲੋਂ 25 ਮਿਲੀਅਨ ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਫਾਰਮੇਸੀ ਅਤੇ ਪ੍ਰਚੂਨ ਚੇਨ ਲੰਡਨ ਡਰੱਗ ’ਤੇ ਗਲੋਬਲ ਸਾਈਬਰ ਅਪਰਾਧੀਆਂ ਦੇ ਇੱਕ ਅਤਿ ਆਧੁਨਿਕ ਸਮੂਹ ਵਲੋਂ ਸਾਈਬਰ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਕੰਪਨੀ ਨੂੰ ਪੱਛਮੀ ਕੈਨੇਡਾ ਵਿਚ ਆਪਣੇ ਸਾਰੇ ਸਟੋਰ ਬੰਦ ਕਰਨੇ ਪਏ ਸਨ।
ਲੰਡਨ ਡਰੱਗ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀਆਂ ਨੇ ਡਾਰਕ ਵੈੱਬ ’ਤੇ ਉਸ ਦੀ ਪਛਾਣ ਫਾਈਲ ਚੋਰੀ ਦੇ ਸ਼ਿਕਾਰ ਵਜੋਂ ਕੀਤੀ ਹੈ ਅਤੇ ਇਨ੍ਹਾਂ ਵਿਚੋਂ ਕੁਝ ਫਾਈਲਾਂ ਵਿਚ ਕਰਮਚਾਰੀਆਂ ਦੀ ਜਾਣਕਾਰੀ ਹੋ ਸਕਦੀ ਹੈ। ਸਾਈਬਰ ਸੁਰੱਖਿਆ ਕੰਪਨੀ ਐਮਸੀਸੋਫਟ ਦੇ ਇਕ ਧਮਕੀ ਵਿਸ਼ਲੇਸ਼ਕ ਬਰੇਟ ਕਾਲੋ ਨੇ ਇਸ ਦੀ ਪਛਾਣ ਲੌਕਬਿਟ ਵਜੋਂ ਕੀਤੀ ਹੈ ਜੋ ਇਕ ਰੈਨਸਮਵੇਅਰ ਓਪਰੇਸ਼ਨ ਹੈ।
ਲੌਕਬਿਟ ਦਾ ਕਹਿਣਾ ਹੇ ਕਿ ਜੇ ਉਸ ਨੂੰ 25 ਮਿਲੀਅਨ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ 48 ਘੰਟਿਆਂ ਵਿਚ ਲੰਡਨ ਡਰੱਗਜ਼ ਦਾ ਚੋਰੀ ਕੀਤਾ ਡਾਟਾ ਰਿਲੀਜ਼ ਕਰ ਦੇਵੇਗਾ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲੰਡਨ ਡਰੱਗਜ਼ ਨੇ 8 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।




