Mar 25, 2025 1:55 PM - Connect Newsroom

ਕੈਨੇਡਾ ਵਿਚ ਚੋਣ ਪ੍ਰਚਾਰ ਦੇ ਤੀਜੇ ਦਿਨ ਲਿਬਰਲ ਪਾਰਟੀ ਦੇ ਲੀਡਰ ਮਾਰਕ ਕਾਰਨੀ ਨੇ ਸੱਤਾ ਵਿਚ ਵਾਪਸੀ 'ਤੇ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਭਰਤੀ ਨੂੰ ਬੂਸਟ ਦੇਣ ਲਈ ਮਿਲਟਰੀ ਲਈ ਤਨਖ਼ਾਹਾਂ ਵਧਾਉਣ ਦੀ ਘੋਸ਼ਣਾ ਕੀਤੀ ਹੈ।
ਕਾਰਨੀ ਨੇ ਕਿਹਾ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿਚ 14,000 ਜਵਾਨਾਂ ਦੀ ਘਾਟ ਪੂਰੀ ਕਰਨ ਲਈ ਉਹ ਫੌਜੀਆਂ ਲਈ ਹੋਰ ਸਹੂਲਤਾਂ ਵਿਚ ਵੀ ਵਾਧਾ ਕਰਨਗੇ। ਹੈਲੀਫੈਕਸ ਸਥਿਤ ਕੈਨੇਡੀਅਨ ਸ਼ਿਪ ਬਿਲਡਰ ਕੰਪਨੀ ਦੇ ਵਰਕਰਜ਼ ਵਿਚਕਾਰ ਚੋਣ ਕੰਪੇਨ ਦੌਰਾਨ ਕਾਰਨੀ ਨੇ ਕੈਨੇਡੀਅਨ ਕੋਸਟ ਗਾਰਡ ਨੂੰ ਵੀ ਨਵੀਂਆਂ ਨਿਗਰਾਨੀ ਸ਼ਕਤੀਆਂ ਦੇਣ ਦਾ ਵਾਅਦਾ ਕੀਤਾ।
ਉਥੇ ਹੀ,ਇਸ ਦੌਰਾਨ ਰਾਸ਼ਟਰਪਤੀ ਟਰੰਪ ਦੀਆਂ ਕੈਨੇਡਾ ਨੂੰ ਅਮਰੀਕਾ ਵਿਚ ਮਿਲਾਉਣ ਦੀਆਂ ਧਮਕੀਆਂ ਦਾ ਵੀ ਜਵਾਬ ਦਿੱਤਾ। ਕਾਰਨੀ ਨੇ ਕਿਹਾ ਕਿ ਕੈਨੇਡਾ ਕਦੇ ਵੀ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਅੱਗੇ ਨਹੀਂ ਝੁਕੇਗਾ। ਗੌਰਤਲਬ ਹੈ ਕਿ ਮੌਜੂਦਾ ਚੋਣਾਂ ਵੀ ਉਦੋਂ ਹੋ ਰਹੀਆਂ ਹਨ ਜਦੋਂ ਟੈਰਿਫ ਨੂੰ ਲੈ ਕੇ ਦੋਹਾਂ ਮੁਲਕਾਂ ਵਿਚਕਾਰ ਮਾਹੌਲ ਗਰਮਾਇਆ ਹੋਇਆ ਹੈ ਅਤੇ ਲਿਬਰਲਸ ਨੂੰ ਇਸ ਦਾ ਫਾਇਦਾ ਮਿਲਣ ਦੀ ਉਮੀਦ ਹੈ।




