Oct 23, 2026 1:23 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਦੀਆਂ ਆਉਣ ਵਾਲੀਆਂ ਮਿਡਟਰਮ ਚੋਣਾਂ ਵਿਚ ਕੈਨੇਡਾ ਵਲੋਂ ਦਖ਼ਲਅੰਦਾਜ਼ੀ ਕਰਨ ਦੇ ਲੱਗ ਰਹੇ ਦੋਸ਼ਾਂ 'ਤੇ ਗਹਿਰੀ ਨਿਰਾਸ਼ਾ ਜ਼ਾਹਰ ਕੀਤੀ ਹੈ। ਖਾਸ ਤੌਰ 'ਤੇ ਇਹ ਦੋਸ਼ ਕੈਨੇਡਾ ਵਿਚ ਅਮਰੀਕੀ ਰਾਜਦੂਤ ਪੀਟ ਹੋਕਸਟ੍ਰਾ ਵੱਲੋਂ ਲਗਾਏ ਗਏ ਸਨ। ਸ਼ੁੱਕਰਵਾਰ ਨੂੰ ਇਸਤਾਂਬੁਲ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਾਅਵਿਆਂ ਵਿਚ ਕੋਈ ਸੱਚਾਈ ਨਹੀਂ ਇਸ ਲਈ ਮੈਂ ਸਾਫ਼ ਤੌਰ 'ਤੇ ਇਹਨਾਂ ਨੂੰ ਖਾਰਜ ਕਰਦਾ ਹਾਂ।
ਕਾਰਨੀ ਨੇ ਕਿਹਾ ਕਿ ਮੈਨੂੰ ਨਿਰਾਸ਼ਾ ਹੋਈ ਕਿ ਹੋਕਸਟ੍ਰਾ ਆਪਣੀ ਰਾਜਦੂਤ ਦੀ ਭੂਮਿਕਾ ਨੂੰ ਇਸ ਤਰ੍ਹਾਂ ਦੇ ਦੋਸ਼ ਲਗਾਉਣ ਦਾ ਹਿੱਸਾ ਸਮਝ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਕਦੇ ਵੀ ਦੂਜੇ ਦੇਸ਼ਾਂ ਦੀਆਂ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖ਼ਲ ਨਹੀਂ ਦਿੰਦਾ ਅਤੇ ਨਾ ਇਸ ਤਰ੍ਹਾਂ ਦਾ ਕੋਈ ਇਰਾਦਾ ਰੱਖਦਾ ਹੈ। ਗੌਰਤਲਬ ਹੈ ਕਿ ਔਟਵਾ ਸਥਿਤ ਯੂ.ਐਸ.ਅੰਬੈਸੀ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਕਥਿਤ ਫੈਕਟ ਸ਼ੀਟ ਵਿਚ ਅਮਰੀਕੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਾਏ ਗਏ ਸਨ।
ਇਸ ਦੇ ਮੱਦੇਨਜ਼ਰ ਕੈਨੇਡਾ ਨੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਜਾਂ ਗਲਤਫਹਿਮੀਆਂ ਪੈਦਾ ਹੋਣ ਤੋਂ ਬਚਣ ਲਈ ਸਾਵਧਾਨੀ ਵਜੋਂ ਆਪਣੇ ਡਿਪਲੋਮੈਟ ਨੂੰ ਵੀ ਮਿਡ ਟਰਮ ਚੋਣਾਂ ਦੇ ਉਮੀਦਵਾਰਾਂ ਨਾਲ ਮੁਲਾਕਾਤ ਕਰਨ ਜਾਂ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।




