Oct 22, 2026 2:46 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਇੰਡਸਟਰੀ ਮਿਨਿਸਟਰ ਮੇਲਾਨੀ ਜੋਲੀ ਨੇ ਹੈਮਿਲਟਨ ਸਥਿਤ ਸਟੀਲ ਮੇਕਰ ਸਟੈਲਕੋ ਦੀ ਅਮਰੀਕੀ ਮਾਲਕ ਕੰਪਨੀ ਕਲੀਵਲੈਂਡ-ਕਲਿਫਸ ਨੂੰ ਵਾਰਨਿੰਗ ਜਾਰੀ ਕਰ ਦਿੱਤੀ ਹੈ। ਇਸ ਰਾਹੀਂ ਜੋਲੀ ਨੇ ਕੰਪਨੀ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਹੈਮਿਲਟਨ ਪਲਾਂਟ ਵਿਚੋਂ ਕੱਢੇ ਗਏ ਲਗਭਗ 500 ਮੁਲਾਜ਼ਮਾਂ ਨੂੰ ਤੁਰੰਤ ਕੰਮ 'ਤੇ ਵਾਪਸ ਬੁਲਾਉਣ ਲਈ ਕਿਹਾ ਹੈ, ਨਹੀਂ ਤਾਂ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਸਟੈਲਕੋ ਦੀ ਅਮਰੀਕੀ parent ਕੰਪਨੀ ਨੇ 2024 ਵਿਚ ਸਟੈਲਕੋ ਨੂੰ ਖਰੀਦਣ ਵੇਲੇ ਔਟਵਾ ਨਾਲ ਸਮਝੌਤੇ ਵਿਚ ਸਾਲ 2029 ਤੱਕ ਕੈਨੇਡਾ ਵਿਚ ਕੋਈ ਲੇਅ ਔਫ ਨਾ ਕਰਨ ਦੀ ਗਾਰੰਟੀ ਦਿੱਤੀ ਸੀ।
ਹਾਲਾਂਕਿ, ਕੰਪਨੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਟੀਲ 'ਤੇ ਲਾਏ ਟੈਰਿਫਸ ਦਾ ਹਵਾਲਾ ਦੇ ਕੇ ਇਨ੍ਹਾਂ ਛਾਂਟੀਆਂ ਨੂੰ ਜਾਇਜ਼ ਠਹਿਰਾ ਰਹੀ ਹੈ, ਜਿਸ 'ਤੇ ਮੰਤਰੀ ਜੋਲੀ ਨੇ ਮਾਮਲਾ ਅਦਾਲਤ ਵਿਚ ਲਿਜਾਣ ਦੀ ਗੱਲ ਆਖੀ ਹੈ ਅਤੇ ਕਿਹਾ ਹੈ ਕਿ ਇਸ ਕਾਨੂੰਨੀ ਕਾਰਾਵਾਈ ਤਹਿਤ ਕਲੀਵਲੈਂਡ-ਕਲਿਫਸ ਨੂੰ ਕੈਨੇਡੀਅਨ ਕੰਪਨੀ ਵਿਚੋਂ ਆਪਣਾ ਹਿੱਸਾ ਖ਼ਤਮ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।




