Sep 21, 2026 5:43 PM - Connect Newsroom - Ramandeep Kaur with files from The Canadian Press

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ, ਦੇਸ਼ ਵਿਚ ਰਹਿਣ-ਸਹਿਣ ਅਤੇ ਘਰਾਂ ਦੇ ਖਰਚੇ ਵਧਣ ਕਾਰਨ ਲਗਭਗ 23.2 ਫੀਸਦੀ ਯਾਨੀ 4 ਵਿਚੋਂ 1 ਕੈਨੇਡੀਅਨ ਪਰਿਵਾਰ ਅਜਿਹੇ ਘਰਾਂ ਵਿਚ ਰਹਿ ਰਿਹਾ ਹੈ ਜਿਨ੍ਹਾਂ ਦਾ ਖਰਚਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਸਟੈਟਿਸਟਿਕਸ ਵਿਭਾਗ ਨੇ ਅਜਿਹੇ ਘਰਾਂ ਨੂੰ unaffordable ਜਾਂ ਪਹੁੰਚ ਤੋਂ ਬਾਹਰ ਮੰਨਿਆ ਹੈ, ਜਿੱਥੇ ਪਰਿਵਾਰ ਆਪਣੀ ਕੁੱਲ ਇਨਕਮ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਸਿਰਫ਼ ਰਿਹਾਇਸ਼ ਦੀ ਲਾਗਤ 'ਤੇ ਖਰਚ ਕਰ ਰਹੇ ਹਨ।
ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਕਿ 17.4 ਫੀਸਦੀ ਮਕਾਨ ਮਾਲਕਾਂ ਦੇ ਮੁਕਾਬਲੇ 33.7 ਫੀਸਦੀ ਕਿਰਾਏਦਾਰ ਅਜਿਹੇ unaffordable ਘਰਾਂ ਵਿਚ ਰਹਿਣ ਲਈ ਜ਼ਿਆਦਾ ਮਜਬੂਰ ਹਨ। ਰਿਪੋਰਟ ਮੁਤਾਬਕ, 2024 ਵਿਚ 36.6 ਫੀਸਦੀ ਘਰ mortgage ਵਾਲੇ ਸਨ, ਜਿਨ੍ਹਾਂ ਵਿਚੋਂ 26.1 ਫੀਸਦੀ ਪਰਿਵਾਰ ਮਹਿੰਗੀਆਂ ਕਿਸ਼ਤਾਂ ਕਾਰਨ ਵਿੱਤੀ ਬੋਝ ਹੇਠ ਸਨ।
ਇਸ ਤੋਂ ਇਲਾਵਾ ਲਗਭਗ 27.9 ਫੀਸਦੀ ਪਰਿਵਾਰਾਂ ਨੇ ਇਹ ਮੰਨਿਆ ਕਿ ਪਿਛਲੇ 12 ਮਹੀਨਿਆਂ ਦੌਰਾਨ ਵਧੇ ਕਿਰਾਏ ਜਾਂ ਮੋਰਗੇਜ ਕਾਰਨ ਉਨ੍ਹਾਂ ਨੂੰ ਮੁਸ਼ਕਲ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਉਸ ਦੀ ਇਹ ਰਿਪੋਰਟ 2024 ਵਿਚ ਕੀਤੇ ਗਏ ਸਰਵੇ 'ਤੇ ਆਧਾਰਿਤ ਹੈ।




