Aug 13, 2024 5:05 PM - The Canadian Press

ਕੈਨੇਡਾ ਦੇ ਹਾਊਸ ਆਫ਼ ਕਾਮਨ ਦੀ ਨੈਸ਼ਨਲ ਸਕਿਓਰਟੀ ਕਮੇਟੀ ਨੇ ਪਿਛਲੇ ਮਹੀਨੇ ਟੋਰਾਂਟੋ ਵਿਚ ਗ੍ਰਿਫਤਾਰ ਕੀਤੇ ਗਏ ਦਹਿਸ਼ਤਗਰਦੀ ਨੂੰ ਕੈਨੇਡਾ ਵਿਚ ਐਂਟਰੀ ਤੇ ਨਾਗਰਿਕਤਾ ਮਿਲਣ ਦੀ ਜਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਊਸ ਆਫ਼ ਕਾਮਨਜ਼ ਕਮੇਟੀ ਇਸ ਗੱਲ ਦੀ ਜਾਂਚ ਕਰੇਗੀ ਕਿ ਦਹਿਸ਼ਤੀ ਦੋਸ਼ਾਂ ਦਾ ਸਾਹਮਣਾ ਕਰ ਰਹੇ 62 ਸਾਲਾ ਅਹਿਮਦ ਫੂਆਦ ਮੁਸਤਫਾ ਏਲਦੀਦੀ ਨੂੰ ਕੈਨੇਡਾ ਵਿਚ ਕਿਵੇਂ ਆਉਣ ਦਿੱਤਾ ਗਿਆ ਅਤੇ ਉਸ ਨੇ ਨਾਗਰਿਕਤਾ ਕਿਵੇਂ ਹਾਸਲ ਕੀਤੀ।
ਕਮੇਟੀ ਇਸੇ ਮਹੀਨੇ ਦੇ ਅੰਤ ਵਿਚ ਇਸ ਦੀ ਸਟੱਡੀ ਸ਼ੁਰੂ ਕਰੇਗੀ ਅਤੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਤੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਪੁੱਛਗਿੱਛ ਲਈ ਸੱਦਾ ਦਿੱਤਾ ਜਾਵੇਗਾ।
ਗੌਰਤਲਬ ਹੈ ਕਿ ਏਲਦੀਦੀ ਅਤੇ ਉਸ ਦੇ 26 ਸਾਲਾ ਬੇਟੇ ਮੁਸਤਫਾ ਏਲਦੀਦੀ ਨੂੰ ਰਿਚਮੰਡ ਹਿੱਲ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ ਵਲੋਂ ਹੱਤਿਆ ਦੀ ਸਾਜ਼ਿਸ਼ ਰਚਣ ਸਮੇਤ ਅੱਤਵਾਦ ਦੇ 9 ਆਰੋਪ ਹਨ।
ਆਰ.ਸੀ.ਐੱਮ.ਪੀ. ਨੇ 31 ਜੁਲਾਈ ਨੂੰ ਉਨ੍ਹਾਂ ’ਤੇ ਚਾਰਜਿਜ਼ ਲਗਾਉਣ ਦੀ ਘੋਸ਼ਣਾ ਕੀਤੀ ਸੀ ਤੇ ਕਿਹਾ ਸੀ ਕਿ ਦੋਵੇਂ ਦਹਿਸ਼ਤਗਰਦ ਟੋਰਾਂਟੋ ਵਿਚ ਵੱਡੇ ਹਿੰਸਕ ਹਮਲੇ ਦੀ ਯੋਜਨਾ ਬਣਾਉਣ ਦੀ ਅਗਾਉਂ ਪੜਾਅ ਵਿਚ ਸਨ। ਉਨ੍ਹਾਂ ’ਤੇ ਬਹੁਤੇ ਦੋਸ਼ ਕੈਨੇਡਾ ਕੀਤੀਆਂ ਗਤੀਵਿਧੀਆਂ ਨਾਲ ਸਬੰਧਤ ਹਨ ਪਰ 62 ਸਾਲਾ ਮੁਸਤਫਾ ’ਤੇ ਕੈਨੇਡਾ ਤੋਂ ਬਾਹਰ ਵੀ ਇੱਕ ਗੰਭੀਰ ਹਮਲੇ ਦਾ ਦੋਸ਼ ਹੈ।




