Aug 24, 2026 4:52 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਊਬੈਕ ਦੇ ਇਤਿਹਾਸ ਵਿਚ ਸਭ ਤੋਂ ਵੱਡੇ shipbuilding ਪ੍ਰੋਜੈਕਟ ਦਾ ਐਲਾਨ ਕੀਤਾ, ਜਿਸ ਤਹਿਤ ਕੈਨੇਡੀਅਨ ਕੋਸਟ ਗਾਰਡ ਲਈ ਛੇ ਨਵੇਂ ਆਈਸਬ੍ਰੇਕਰ ਬਣਾਉਣ ਲਈ $11 ਬਿਲੀਅਨ ਤੋਂ ਵੱਧ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਰੋਕਣ ਬਾਰੇ ਦੱਸਿਆ ਕਿ ਕੈਨੇਡਾ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਪੂਰੀ ਇਮਾਨਦਾਰੀ ਨਾਲ ਅਣਥੱਕ ਯਤਨ ਕਰ ਰਿਹਾ ਸੀ ਅਤੇ ਸਾਡਾ ਉਦੇਸ਼ ਕੈਨੇਡੀਅਨ ਲਈ ਸਭ ਤੋਂ ਵਧੀਆ ਡੀਲ ਹਾਸਲ ਕਰਨਾ ਸੀ ਨਾ ਕਿ ਇਸ ਦਾ ਮਤਲਬ ਕਿਸੇ ਵੀ ਸ਼ਰਤ ਜਾਂ ਸਮੇਂ-ਸੀਮਾ ਅੱਗੇ ਝੁਕਣਾ ਸੀ।
ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਦੀਆਂ ਤਾਜ਼ਾ ਪੇਸ਼ਕਸ਼ਾਂ ਅਤੇ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਸਕਦਾ ਸੀ, ਜਿਸ ਕਾਰਨ ਇਹ ਗੱਲਬਾਤ ਟੁੱਟੀ। ਅਮਰੀਕਾ ਦੇ ਟੈਰਿਫਸ ਦੇ ਜਵਾਬ ਵਿਚ ਦੇਸ਼ ਦੇ ਆਰਥਿਕ ਭਵਿੱਖ ਦਾ ਰੋਡਮੈਪ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਇਸੇ ਫਾਲ ਵਿਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਯੂਰਪੀ ਯੂਨੀਅਨ ਨਾਲ ਇੱਕ ਮਜ਼ਬੂਤ ਆਰਥਿਕ ਅਤੇ ਸੁਰੱਖਿਆ ਭਾਈਵਾਲੀ ਸਥਾਪਤ ਕਰਨ ਲਈ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਇੱਕ ਭਰੋਸੇਮੰਦ ਦੇਸ਼ ਹੈ ਅਤੇ ਸਾਡੇ ਕੋਲ ਉਹ ਸਭ ਕੁਝ ਹੈ ਜਿਸ ਦੀ ਅੱਜ ਦੁਨੀਆ ਨੂੰ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਇੰਡੀਆ ਨਾਲ ਵੀ ਵਪਾਰ ਡੀਲ ਪੂਰੀ ਕਰਾਂਗੇ।




