Oct 15, 2026 5:44 PM - Connect Newsroom - Ramandeep Kaur

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮੁਤਾਬਕ, ਪੀ. ਐੱਮ. ਮੋਦੀ 11 ਤੋਂ 12 ਦੰਸਬਰ ਤੱਕ ਦੋ ਦਿਨਾਂ ਕੈਨੇਡਾ ਦੌਰੇ 'ਤੇ ਆ ਸਕਦੇ ਹਨ। ਕਾਰਨੀ ਨੇ ਵੀਰਵਾਰ ਸਵੇਰੇ ਕੈਲਗਰੀ ਦੇ ਇੱਕ ਰੈਸਟੋਰੈਂਟ ਵਿਚ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ,ਜਿੱਥੇ ਉਹ ਸੋਮਵਾਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਐਲਬਰਟਾ ਦੇ ਨਿਵਾਸੀਆਂ ਨਾਲ ਮੁਲਾਕਾਤ ਕਰ ਰਹੇ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਹੁਣੇ-ਹੁਣੇ ਪੀ. ਐੱਮ. ਮੋਦੀ ਨਾਲ ਫ਼ੋਨ 'ਤੇ ਗੱਲਬਾਤ ਹੋਈ ਹੈ ਅਤੇ ਇਹ ਨਿਰਧਾਰਤ ਦੌਰਾ ਮੁੱਖ ਤੌਰ 'ਤੇ ਟੋਰੌਂਟੋ ਅਤੇ ਔਟਵਾ ਵਿਚ ਹੋਵੇਗਾ,ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਯਾਤਰਾ ਦੇ ਦਾਇਰੇ ਨੂੰ ਹੋਰਨਾਂ ਸ਼ਹਿਰਾਂ ਤੱਕ ਵਧਾਉਣ ਦੀ ਕੋਸ਼ਿਸ਼ ਕਰੇਗੀ।
ਗੌਰਤਲਬ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦੇ ਇਸੇ ਦੌਰੇ ਦੌਰਾਨ ਦੋਹਾਂ ਮੁਲਕਾਂ ਵਿਚਕਾਰ ਫ੍ਰੀ ਟ੍ਰੇਡ ਡੀਲ ਫਾਈਨਲ ਕੀਤੇ ਜਾਣ ਦੀ ਉਮੀਦ ਹੈ। ਕੈਨੇਡਾ ਨੇ ਇਸ ਡੀਲ ਜ਼ਰੀਏ ਭਾਰਤ ਨਾਲ ਦੁਵੱਲੇ ਵਪਾਰ ਨੂੰ 2030 ਤੱਕ $70 ਬਿਲੀਅਨ ਤੱਕ ਲਿਜਾਣ ਦਾ ਟੀਚਾ ਮਿੱਥਿਆ ਹੈ।




