Jul 24, 2024 4:54 PM - The Canadian Press

ਵੈਨਕੂਵਰ ਪੁਲਿਸ ਵਲੋਂ ਇਹ ਹਫਤੇ ਸਮੁੰਦਰੀ ਤਟਾਂ ’ਤੇ ਮਿਲੀਆਂ 2 ਔਰਤਾਂ ਦੀ ਪਛਾਣ ਕਰ ਲਈ ਗਈ ਹੈ। ਵੈਨਕੂਵਰ ਪੁਲਿਸ ਦਾ ਮੰਨਣਾ ਹੈ ਕਿ ਇੰਗਲਿਸ਼ ਬੇਅ ’ਤੇ 2 ਵੱਖ-ਵੱਖ ਥਾਵਾਂ ’ਤੇ ਮਿਲੀਆਂ ਇਨ੍ਹਾਂ ਔਰਤਾਂ ਦੀ ਮੌਤ ਦਾ ਆਪਸ ਵਿਚ ਕੋਈ ਸੰਬੰਧ ਨਹੀਂ ਹੈ।
ਸਾਰਜੇਂਟ ਸਟੀਵ ਐਡੀਸਨ ਨੇ ਕੱਲ੍ਹ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਦੋਹਾਂ ਔਰਤਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਐਡੀਸਨ ਨੇ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਹ ਮੌਤਾਂ ਆਪਸ ਵਿਚ ਜੁੜੀਆਂ ਹੋਈਆਂ ਨਹੀਂ ਹਨ।
ਜ਼ਿਕਰਯੋਗ ਹ ਕਿ ਬੀਤੇ ਐਤਵਾਰ ਸਵੇਰੇ 10 ਵਜੇ ਦੇ ਕਰੀਬ ਪੁਲਿਸ ਨੂੰ ਸਨਸੈੱਟ ਬੀਚ ਦੇ ਤੱਟ ’ਤੇ ਇਕ ਔਰਤ ਦੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਬੀਤੇ ਸੋਮਵਾਰ ਦੁਪਿਹਰ ਨੂੰ ਕਿਟਸੀਲਾਨੋ ਬੀਚ ਕਲੱਬ ਨੇੜੇ ਬੀਚ ’ਤੇ ਪੁਲਿਸ ਨੂੰ ਇਕ ਹੋਰ ਔਰਤ ਦੀ ਲਾਸ਼ ਮਿਲੀ ਸੀ।
ਪੁਲਿਸ ਅਨੁਸਾਰ ਮੇਜਰ ਕ੍ਰਾਈਮ ਸੈਕਸ਼ਨ ਵਲੋਂ ਸਨਸੈੱਟ ਬੀਚ ’ਤੇ ਮਿਲੀ ਔਰਤ ਦੀ ਪਹਿਚਾਣ ਕੱਲ੍ਹ ਸਵੇਰੇ ਕਰ ਲਈ ਗਈ ਸੀ ਪਰ ਉਸ ਦੀ ਮੌਤ ਦੇ ਕਾਰਨ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।
ਇਸ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਦੂਜੀ ਔਰਤ ਦੀ ਪਹਿਚਾਣ ਵੀ ਕਰ ਲਈ ਗਈ ਸੀ। ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਹੋਣ ’ਤੇ ਵੈਨਕੂਵਰ ਪੁਲਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਨਾਲ 604-717-2500 ’ਤੇ ਸੰਪਰਕ ਕੀਤਾ ਜਾ ਸਕਦਾ ਹੈ।




