Jun 6, 2024 6:39 PM - The Canadian Press

ਮੈਟਰੋ ਵੈਨਕੂਵਰ ਦੇ ਦੋ ਵਿਅਕਤੀਆਂ ਨੂੰ ਬੀ.ਸੀ. ਦੀਆਂ ਬੰਦਰਗਾਹਾਂ ’ਤੇ $2.5 ਮਿਲੀਅਨ ਦੇ ਚੋਰੀ ਦੇ ਵਾਹਨ ਸ਼ਿਪਿੰਗ ਕਰਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਮੁਤਾਬਕ ਇੱਥੇ ਚੋਰੀ ਦੇ 29 ਵਾਹਨਾਂ ਨੂੰ ਸ਼ਿਪਿੰਗ ਕੰਟੇਨਰ ਵਿਚ ਲੱਦਿਆ ਹੋਇਆ ਸੀ। ਜਾਂਚ ਅਧਿਕਾਰੀਆਂ ਮੁਤਾਬਕ ਵਾਹਨਾਂ ਵਿਚ ਰੇਂਜ ਰੋਵਰ ਅਤੇ ਨਵੇਂ ਮੌਡਲ ਦੇ ਪਿਕ ਅਪ ਟਰੱਕ ਵੀ ਹਨ ਜੋ ਹਾਲ ਹੀ ਦੇ ਮਹੀਨਿਆਂ ਵਿਚ ਲੋਅਰ ਮੇਨਲੈਂਡ ਇਲਾਕੇ ਤੋਂ ਚੋਰੀ ਹੋਏ ਸਨ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ 29 ਸਾਲਾ ਮੋਹਨੇਦ ਵੇਲ ਓਜ਼ੋਰ ਅਤੇ 20 ਸਾਲਾ ਉਮਰ ਵੇਲ ਓਜ਼ੋਰ ਨੂੰ ਆਟੋ ਚੋਰੀ, ਚੋਰੀ ਦਾ ਸਮਾਨ ਰੱਖਣ ਅਤੇ ਵੇਚਣ ਦੇ 14 ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ੱਕੀਆਂ ਨੂੰ 22 ਮਈ ਨੂੰ ਸਰੀ ਵਿਚੋਂ ਹਿਰਾਸਤ ਵਿਚ ਲਿਆ ਗਿਆ ਸੀ ਅਤੇ 17 ਜੂਨ ਨੂੰ ਸਰੀ ਸੂਬਾਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਪੁਲਿਸ ਮੁਤਾਬਕ ਇਨ੍ਹਾਂ ਵਾਹਨਾਂ ਦੀ ਕੀਮਤ ਲਗਭਗ $2.5 ਮਿਲੀਅਨ ਬਣਦੀ ਹੈ। ਵਾਹਨ ਚੋਰੀ ਮਾਮਲਿਆਂ ਦੀ ਜਾਂਚ ਫਰਵਰੀ ਵਿਚ ਸ਼ੁਰੂ ਹੋਈ ਸੀ ਅਤੇ ਇਸ ਵਿਚ ਵੈਨਕੂਵਰ, ਡੇਲਟਾ, ਲੈਂਗਲੀ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਸ਼ਾਮਿਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਨੂੰ ਲੌਕ ਕਰਕੇ ਹੀ ਜਾਣ ਅਤੇ ਜੀ.ਪੀ.ਐੱਸ. ਟਰੈਕਰ ਵਰਗੀਆਂ ਡਿਵਾਇਸਸ ਜ਼ਰੂਰ ਇੰਸਟਾਲ ਕਰਵਾਉਣ।




