Aug 12, 2024 5:38 PM - The Canadian Press

ਕਿਊਬੈਕ ਦੀ ਲਿਬਰਲ ਪਾਰਟੀ ਨੇ ਸੂਬੇ ਦਾ ਖੁਦ ਦਾ ਸੰਵਿਧਾਨ ਅਪਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਪ੍ਰਸਤਾਵ ਦੀ ਘੋਸ਼ਣਾ ਅੱਜ ਸਵੇਰੇ ਪਾਰਟੀ ਦੇ ਨੀਤੀ ਆਯੋਗ ਦੇ ਮੈਂਬਰਾਂ-ਜੂਲੀ ਵ੍ਹਾਈਟ ਅਤੇ ਸਾਬਕਾ ਕਿਊਬਿਕ ਲਿਬਰਲ ਪ੍ਰੀਮੀਅਰ ਜੀਨ ਚਾਰੇਸਟ ਦੇ ਪੁੱਤਰ ਐਂਟੋਨੀ ਡੀਓਨੇ ਚਾਰੇਸਟ ਨੇ ਕੀਤੀ। ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿਚ ਉਨ੍ਹਾਂ ਕਿਹਾ ਕਿ ਸੰਵਿਧਾਨ ਵਿਚ ਸਾਡੀ ਪਛਾਣ, ਸੂਬੇ ਦੀ ਭਾਸ਼ਾ ਅਤੇ ਕਿਊਬੈਕ ਸਰਕਾਰ ਦੀਆਂ ਸ਼ਕਤੀਆਂ ਵਰਗੇ ਮੁੱਖ ਤੱਤ ਹੋਣਗੇ।
ਕਿਊਬੈਕ ਦੇ ਸਾਬਕਾ ਲਿਬਰਲ ਪ੍ਰੀਮੀਅਰ ਦੇ ਬੇਟੇ ਜੀਨ ਚਾਰੇਸਟ ਨੇ ਕਿਹਾ ਕਿ ਇਹ ਪ੍ਰਸਤਾਵ ਸੱਤਧਾਰੀ ਕੋਲੀਸ਼ਨ ਐਵੇਨਿਰ ਕਿਊਬੈਕ ਦੀਆਂ ਵਿਭਾਜਨਕਾਰੀਆਂ ਨੀਤੀਆਂ ਅਤੇ ਪਾਰਟੀ ਕਿਊਬੇਕੋਇਸ ਦੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਯੋਜਨਾ ਦੇ ਜਵਾਬ ਵਿਚ ਹੈ। ਦੱਸ ਦੇਈਏ ਕਿ ਲਿਬਰਲ ਪਾਰਟੀ ਸੂਬੇ ਵਿਚ ਰੀਲਾਂਚ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਇੱਥੇ ਅਕਤੂਬਰ 2026 ਵਿਚ ਸੂਬਾਈ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਲਿਬਰਲਸ ਨੂੰ ਅਗਲੇ ਜੂਨ ਵਿਚ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਕਰਨੀ ਹੈ। ਗੌਰਤਲਬ ਹੈ ਕਿ ਕੈਨੇਡਾ ਦੇ ਫਰੈਂਚ ਬੋਲਣ ਵਾਲੇ ਸੂਬੇ ਕਿਊਬੈਕ ਵਿਚ ਕੈਨੇਡਾ ਤੋਂ ਸਤੁੰਤਰ ਹੋਣ ਦੀ ਮੰਗ ਪੁਰਾਣੀ ਹੈ। 1995 ਵਿਚ ਹੋਏ ਰੈਫਰੈਂਡਮ ਵਿਚ ਸੂਬਾ ਵਾਸੀਆਂ ਨੇ ਕੈਨੇਡਾ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਪਰ ਕਿਊਬੈਕ ਦੀ ਆਜ਼ਾਦੀ ਦੀ ਮੰਗ ਸਿਆਸੀ ਵਾਤਾਵਰਣ ਦਾ ਹਿੱਸਾ ਬਣੀ ਹੋਈ ਹੈ।




