Jun 27, 2022 5:12 PM - ANI

ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਦਿਹਾਂਤ ਦਾ ਪਤਾ ਲੱਗਣ ਤੋਂ ਬਾਅਦ ਅਦਾਕਾਰ ਰਣਦੀਪ ਹੁੱਡਾ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਮੁੰਬਈ ਤੋਂ ਪੰਜਾਬ ਪੁੱਜੇ। ਸਰਬਜੀਤ ਦੀ ਸ਼ੂਟਿੰਗ ਦੌਰਾਨ ਰਣਦੀਪ ਅਤੇ ਦਲਬੀਰ ਕੌਰ ਵਿਚਾਲੇ ਪਰਿਵਾਰਕ ਸਾਂਝ ਪਈ ਸੀ।
ਫਿਲਮ ਵਿਚ ਰਣਦੀਪ ਨੇ ਦਲਬੀਰ ਕੌਰ ਦੇ ਭਰਾ ਸਰਬਜੀਤ ਸਿੰਘ ਦੀ ਭੂਮਿਕਾ ਨਿਭਾਈ ਸੀ।
ਸਰਬਜੀਤ ਸਿੰਘ 1990 ਵਿਚ ਸ਼ਰਾਬੀ ਹਾਲਤ ਵਿਚ ਗਲਤੀ ਨਾਲ ਪਾਕਿਸਤਾਨ ਵਿਚ ਦਾਖ਼ਲ ਹੋ ਗਿਆ ਸੀ। ਪਾਕਿਸਤਾਨ ਨੇ ਉਸ ਉੱਤੇ ਕਈ ਗੰਭੀਰ ਦੋਸ਼ ਲਾਏ ਅਤੇ ਉਸ ਨੂੰ 23 ਸਾਲ ਤੱਕ ਸਲਾਖਾਂ ਪਿੱਛੇ ਰੱਖਿਆ ਸੀ।
2 ਮਈ, 2013 ਨੂੰ ਪਾਕਿਸਤਾਨ ਦੀ ਜੇਲ੍ਹ ਵਿਚ ਇੱਕ ਨਾਲ ਦੇ ਕੈਦੀ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਫਿਲਮ ਦੀ ਸ਼ੂਟਿੰਗ ਦੌਰਾਨ ਦਲਬੀਰ ਕੌਰ ਨੇ ਰਣਦੀਪ ਨੂੰ ਕਿਹਾ ਸੀ ਕਿ ਉਸ ਨੂੰ ਉਸ ਵਿਚ ਸਰਬਜੀਤ ਸਿੰਘ ਨਜ਼ਰ ਆਉਂਦਾ ਹੈ ਅਤੇ ਵਚਨ ਲਿਆ ਸੀ ਕਿ ਜਦੋਂ ਮੇਰੀ ਮੌਤ ਹੋਵੇ ਤਾਂ ਉਹ ਉਸ ਨੂੰ ਮੋਢਾ ਜ਼ਰੂਰ ਦੇਵੇ। ਰਣਦੀਪ ਨੇ ਦਲਬੀਰ ਕੌਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਕੇ ਤੇ ਮੁੱਖ ਅਗਨੀ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ।
ਦਲਬੀਰ ਕੌਰ ਦਾ ਐਤਵਾਰ ਨੂੰ ਅੰਮ੍ਰਿਤਸਰ ਦੇ ਨੇੜੇ ਪੈਂਦੇ ਭਿੱਖੀਵਿੰਡ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।




