May 4, 2022 1:39 PM -

ਭਾਰਤ ਵਿਚ ਲਗਾਤਾਰ ਵਧਦੀ ਮਹਿੰਗਾਈ ਕਾਰਨ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੇਪੋ ਰੇਟ 4 ਫ਼ੀਸਦ ਤੋਂ ਵਧਾ ਕੇ 4.40 ਫ਼ੀਸਦ ਕਰ ਦਿੱਤਾ ਹੈ, ਯਾਨੀ ਕਰਜ਼ ਲੈਣਾ ਮਹਿੰਗਾ ਹੋਣ ਵਾਲਾ ਹੈ। ਇਸ ਦੇ ਨਾਲ ਹੀ ਜ਼ਿਆਦਾ EMI ਚੁਕਾਉਣੀ ਪਵੇਗੀ। 2 ਅਤੇ 3 ਮਈ ਨੂੰ ਮਾਨਿਟਰੀ ਪਾਲਿਸੀ ਕਮੇਟੀ ਦੀ ਐਮਰਜੈਂਸੀ ਬੈਠਕ ਹੋਈ, ਜਿਸ ਦਾ ਨਤੀਜਾ 4 ਮਈ ਯਾਨੀ ਬੁੱਧਵਾਰ ਨੂੰ ਐਲਾਨਿਆ ਗਿਆ।
RBI ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈੱਸ ਕਾਨਫਰੰਸ ਕਰ ਇਹ ਜਾਣਕਾਰੀ ਦਿੱਤੀ। ਆਰ. ਬੀ. ਆਈ. ਗਵਰਨਰ ਦੇ ਸੰਬੋਧਨ ਤੋਂ ਪਹਿਲਾਂ ਹੀ ਸ਼ੇਅਰ ਬਾਜ਼ਾਰ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਪਰ ਜਿਵੇਂ ਹੀ ਫ਼ੈਸਲਾ ਸਾਹਮਣੇ ਆਇਆ ਤਾਂ ਸੈਂਸੈਕਸ 1,306 ਅੰਕ ਦਾ ਗੋਤਾ ਲਾ ਕੇ 55,669 'ਤੇ, ਜਦੋਂ ਕਿ ਨਿਫਟੀ 391 ਅੰਕ ਦੀ ਗਿਰਾਵਟ ਨਾਲ 16,677 'ਤੇ ਬੰਦ ਹੋਇਆ।
ਗੌਰਤਲਬ ਹੈ ਕਿ ਵਿਸ਼ਵ ਭਰ ਵਿਚ ਕੇਂਦਰੀ ਬੈਂਕਾਂ ਵਿਆਜ ਦਰਾਂ ਵਧਾਉਣ ਦਾ ਵਿਚਾਰ ਕਰ ਰਹੇ ਹਨ। ਆਰ. ਬੀ. ਆਈ. ਨੇ ਅੰਤਿਮ ਵਾਰ 22 ਮਈ 2020 ਨੂੰ ਰੇਪੋ ਰੇਟ ਵਿਚ ਬਦਲਾਅ ਕੀਤਾ ਸੀ, ਉਦੋਂ ਤੋਂ ਇਹ ਇਤਿਹਾਸਕ ਹੇਠਲੇ ਪੱਧਰ 'ਤੇ ਬਣੀ ਹੋਈ ਸੀ। ਰੇਪੋ ਰੇਟ ਉਹ ਦਰ ਹੁੰਦੀ ਹੈ, ਜਿਸ 'ਤੇ ਆਰ. ਬੀ. ਆਈ. ਬੈਂਕਾਂ ਨੂੰ ਰੋਜ਼ਾਨਾ ਦੀ ਜ਼ਰੂਰਤ ਪੂਰੀ ਕਰਨ ਲਈ ਕਰਜ਼ ਦਿੰਦਾ ਹੈ। ਇਸ ਵਿਚ ਬਦਲਾਅ ਹੋਣ ਨਾਲ ਬੈਂਕਾਂ ਨੂੰ ਵੀ ਗਾਹਕਾਂ ਲਈ ਵਿਆਜ ਦਰਾਂ ਵਿਚ ਤਬਦੀਲੀ ਕਰਨੀ ਪੈਂਦੀ ਹੈ।




