Jun 10, 2024 8:10 PM - The Canadian Press

ਬ੍ਰਿਟਿਸ਼ ਕੋਲੰਬੀਆ ਸਕਿਓਰਿਟੀਜ਼ ਕਮਿਸ਼ਨ ਅਤੇ ਪੁਲਿਸ ਨੇ 10 ਸ਼ੱਕੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਜੋ ਸੂਬੇ ਦੇ ਲੋਕਾਂ ਕੋਲੋਂ ਧੋਖੇ ਨਾਲ ਪੈਸੇ ਲੁੱਟ ਰਹੇ ਹਨ। ਦੋਹਾਂ ਨੇ ਸਾਂਝੀ ਸਟੇਟਮੈਂਟ ਵਿਚ ਕਿਹਾ ਕਿ ਜਾਂਚ ਅਧਿਕਾਰੀਆਂ ਨੇ ਮੈਟਰੋ ਵੈਨਕੂਵਰ ਦੇ ਸ਼ੱਕੀਆਂ ਨੂੰ ਚਿੱਠੀਆਂ ਭੇਜ ਕੇ ਅਪਰਾਧਿਕ ਤਰੀਕੇ ਨਾਲ ਲੋਕਾਂ ਦੇ ਪੈਸੇ ਟਰਾਂਸਫਰ ਕਰਨ ਤੋਂ ਰੁਕਣ ਲਈ ਸਖਤ ਚਿਤਾਵਨੀ ਜਾਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ੱਕੀ ਆਮ ਲੋਕਾਂ ਕੋਲੋਂ ਪੈਸੇ ਦੀ ਧੋਖਾਧੜੀ ਕਰਕੇ ਅਪਰਾਧੀਆਂ ਦੀ ਮਦਦ ਕਰ ਰਹੇ ਹਨ। ਸਕਿਓਰਿਟੀਜ਼ ਕਮਿਸ਼ਨ ਮੁਤਾਬਕ ਉਨ੍ਹਾਂ ਨੇ ਸ਼ੱਕੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਧੋਖੇ ਨਾਲ ਪੈਸੇ ਨਾਲ ਲੁੱਟੇ ਹਨ ਅਤੇ ਉਹ ਕ੍ਰਿਪਟੋਕਰੰਸੀ ਰਾਹੀਂ ਇਨਵੈਸਟਮੈਂਟ ਦੇ ਨਾਮ ’ਤੇ ਧੋਖਾ ਕਰ ਰਹੇ ਹਨ। ਔਫੀਸਰਜ਼ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਸ਼ੱਕੀਆਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਅਪਰਾਧੀਆਂ ਨੂੰ ਫੰਡ ਟਰਾਂਸਫਰ ਕਰ ਰਹੇ ਹਨ ਅਤੇ ਕਿਤੇ ਨਾ ਕਿਤੇ ਉਹ ਆਪ ਵੀ ਸ਼ਿਕਾਰ ਬਣ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਚਿਤਾਵਨੀ ਦੇ ਬਾਵਜੂਦ ਪੈਸੇ ਟਰਾਂਸਫਰ ਕਰਕੇ ਧੋਖਾਧੜੀ ਕਰੇਗਾ ਤਾਂ ਉਸ ਨੂੰ ਅਪਰਾਧਿਕ ਕਾਰਨਾਂ ਲਈ ਚਾਰਜ ਕੀਤਾ ਜਾਵੇਗਾ। ਇਹ ਸ਼ੱਕੀ ਝੂਠੇ ਨਾਮ ਅਤੇ ਪਛਾਣ ਦੱਸ ਕੇ ਲੋਕਾਂ ਨਾਲ ਔਨਲਾਈਨ ਦੋਸਤੀ ਜਾਂ ਪਿਆਰ ਦੀਆਂ ਗੱਲਾਂ ਕਰਦੇ ਹਨ। ਇਸ ਦੇ ਬਾਅਦ ਲੋਕਾਂ ਅੱਗੇ ਕੋਈ ਮਜਬੂਰੀ ਦੱਸ ਕੇ ਪੈਸੇ ਲੁੱਟਦੇ ਹਨ ਅਤੇ ਜਲਦੀ ਵਾਪਸ ਦੇਣ ਦਾ ਝੂਠਾ ਵਾਅਦਾ ਕਰਕੇ ਫਰਾਰ ਹੋ ਜਾਂਦੇ ਹਨ।




