Jul 9, 2024 8:06 PM - The Canadian Press

ਮੈਰਿਟ ਵਿਚ ਕੱਲ੍ਹ ਮੁੱਖ ਪਾਣੀ ਪੰਪ ਸਟੇਸ਼ਨ ਦੇ ਖਰਾਬ ਹੋ ਜਾਣ ਤੋਂ ਬਾਅਦ ਲੋਕਾਂ ਨੂੰ ਪਾਣੀ ਦੀ ਗੈਰ-ਜ਼ਰੂਰੀ ਵਰਤੋਂ ਤੋਂ ਪਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਸ਼ਹਿਰ ਵਲੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਵੋਘਟ ਖੂਹ ਵਿਚ ਕਿਸ ਕਿਸਮ ਦੀ ਖਰਾਬੀ ਆਈ ਹੈ ਪਰ ਉਸਦਾ ਕਹਿਣਾ ਹੈ ਕਿ ਇਸ ਨਾਲ ਪਾਣੀ ਦੀ ਵੰਡ ਦਾ ਸਿਸਟਮ ਪ੍ਰਭਾਵਿਤ ਹੋਇਆ ਹੈ।
ਸ਼ਹਿਰ ਦੀ ਵੈਬਸਾਈਟ ’ਤੇ ਪੋਸਟ ਕੀਤੇ ਗਏ ਨੋਟਿਸ ਅਨੁਸਾਰ ਪੰਪ ਦੇ ਠੀਕ ਹੋਣ ਤੱਕ ਲਾਅਨ ਨੂੰ ਪਾਣੀ ਦੇਣ ’ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਬਾਹਰ ਗੈਰ-ਜ਼ਰੂਰੀ ਵਾਸ਼ਿੰਗ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਸ਼ਹਿਰ ਵਲੋਂ ਲੋਕਾਂ ਨੂੰ ਮੁਰੰਮਤ ਦੌਰਾਨ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ।
ਅਧਿਕਾਰੀਆਂ ਵਲੋਂ ਲੋਕਾਂ ਨੂੰ ਅੱਗ ਤੋਂ ਬਚਾਅ ਵਰਗੀਆਂ ਸੇਵਾਵਾਂ ਬਣਾਈ ਰੱਖਣ ਲਈ ਵੀ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਖਰਾਬੀ ਉਸ ਸਮੇਂ ਹੋਈ ਹੈ ਜਦੋਂ ਇਹ ਖੇਤਰ ਗਰਮੀ ਨਾਲ ਜੂਝ ਰਿਹਾ ਹੈ ਅਤੇ ਵਾਤਾਵਰਨ ਅਤੇ ਜਲਵਾਯੂ ਤਬਦੀਲੀ ਕੈਨੇਡਾ ਵਲੋਂ ਦੱਖਣੀ ਬੀ.ਸੀ. ਦੇ ਜ਼ਿਆਦਾਤਰ ਹਿੱਸਿਆਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਰਿਟ ਵਿਚ ਘੱਟ-ਘੱਟ ਤਾਪਮਾਨ 30 ਅਤੇ 40 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।




