Jul 3, 2024 3:37 PM - The Canadian Press

ਪ੍ਰਿੰਸ ਜਾਰਜ ਵਿਚ ਇਕ ਨਾਬਾਲਿਗ ਲੜਕੀ ਦੀ ਮੌਤ ਹੋਣ ਦੀ ਖਬਰ ਹੈ ਜੋ ਪਿਛਲੇ ਹਫਤੇ ਫੈਂਟਾਨਾਇਲ ਦੀ ਓਵਰਡੋਜ਼ ਕਾਰਨ ਬੇਸੁਧ ਹਾਲਤ ਵਿਚ ਮਿਲੀ ਸੀ। ਪ੍ਰਿੰਸ ਜਾਰਜ ਆਰ.ਸੀ.ਐੱਮ.ਪੀ. ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ 16 ਸਾਲਾ ਲੜਕੀ ਦੀ ਇਸ ਵੀਕੈਂਡ ਦੌਰਾਨ ਮੌਤ ਹੋ ਗਈ ਜਿਸ ਨੂੰ 26 ਜੂਨ ਨੂੰ ਰਾਤ 10 ਵਜੇ ਦੇ ਕਰੀਬ ਹਸਪਤਾਲ ਲਿਜਾਇਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਲੜਕੀ ਮੈਕਮਾਸਟਰ ਕ੍ਰੇਸੈਂਟ ਦੇ 7600 ਬਲਾਕ ਵਿਚ ਸਥਿਤ ਇਕ ਘਰ ਤੋਂ ਬੇਸੁਧ ਹਾਲਤ ਵਿਚ ਮਿਲੀ ਸੀ ਅਤੇ ਹਸਪਤਾਲ ਵਿਚ ਜਾਂਚ ਤੋਂ ਬਾਅਦ ਉਸ ਦੇ ਖੂਨ ਵਿਚ ਫੈਂਟਾਨਾਇਲ ਦੀ ਭਾਰੀ ਮਾਤਰਾ ਪਾਈ ਗਈ ਸੀ।
ਪ੍ਰਿੰਸ ਜਾਰਜ ਆਰ.ਸੀ.ਐੱਮ.ਪੀ. ਦੀ ਗੰਭੀਰ ਅਪਰਾਧ ਯੂਨਿਟ ਦੇ ਕਮਾਂਡਰ ਸਾਰਜੇਂਟ ਐਰੋਨ ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਿੰਸ ਜਾਰਜ ਵਿਚ ਨਸ਼ੇ ਨਾਲ ਸੰਬੰਧਿਤ ਸਾਰੀਆ ਮੌਤਾਂ ਦੀ ਜਾਂਚ ਆਰ.ਸੀ.ਐੱਮ.ਪੀ. ਅਤੇ ਬੀ.ਸੀ. ਕੋਰੋਨਰ ਸਰਵਿਸ ਵਲੋਂ ਕੀਤੀ ਜਾਂਦੀ ਹੈ।
ਵਾਈਟ ਹਾਊਸ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਜਦੋਂ ਕਿਸੇ ਨਸ਼ਾ ਤਸਕਰ ਵਲੋਂ ਕਿਸੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਲੋਕਾਂ ਦੀਆਂ ਉਮੀਦਾਂ ਪੁਲਿਸ ਕੋਲੋਂ ਵਧ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਪੀੜਤਾ ਦੀ ਪਛਾਣ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਪੁਲਿਸ ਵਲੋਂ ਇਸ ਮਾਮਲੇ ਵਿਚ ਜਾਂਚ ਜਾਰੀ ਹੈ।




