Feb 12, 2021 6:31 PM -

ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਲਈ ਕੋਵਿਡ-19 ਦੇ ਮੈਂਡੇਟੋਰੀ ਟੈਸਟ ਅਤੇ ਹੋਰ ਲੋੜੀਂਦੇ ਕਦਮ 10 ਦਿਨਾਂ ਵਿਚਾਲੇ ਲਾਗੂ ਹੋ ਜਾਣਗੇ।
ਇਸ ਨੂੰ 22 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕੁਝ ਅਸੈਂਸ਼ੀਅਲ ਵਰਕਰਾਂ ਯਾਨੀ ਕਿ ਜ਼ਰੂਰੀ ਕੰਮਾਂ ਨਾਲ ਸੰਬੰਧਤ ਵਰਕਰਾਂ ਨੂੰ ਢਿੱਲ ਦਿੱਤੀ ਜਾ ਸਕਦੀ ਹੈ।
ਪਰ ਉਨ੍ਹਾਂ ਫਿਰ ਤੋਂ ਦੋਹਰਾਇਆ ਕਿ ਕਿਸੇ ਵੀ ਵਿਅਕਤੀ ਨੂੰ ਫਿਲਹਾਲ ਗੈਰ-ਜ਼ਰੂਰੀ ਯਾਤਰਾ ਤੋਂ ਬਚਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕੋਵਿਡ-19 ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਹੁਣ ਇਹਨਾਂ ਨਵੀਆਂ ਪਬੰਦੀਆਂ ਨੂੰ ਲਾਗੂ ਕਰਨ ਦੀ ਲੋੜ ਹੈ।
ਟਰੂਡੋ ਨੇ ਕਿਹਾ ਕਿ ਖਾਸ ਤੌਰ 'ਤੇ ਵਾਇਰਸ ਦੇ ਨਵੇਂ ਵੇਰੀਐਂਟਸ ਦੇ ਫੈਲਾਅ ਵਿਚਾਲੇ ਇਹ ਕਦਮ ਚੁੱਕਣੇ ਜ਼ਰੂਰੀ ਹਨ।
ਯਾਦ ਰਹੇ ਕੈਨੇਡਾ ਆ ਰਹੇ ਯਾਤਰੀਆਂ ਨੂੰ ਪਹਿਲਾਂ ਹੀ 14 ਦਿਨ ਲਈ ਕੁਆਰੰਟੀਨ ਕਰਨ ਦੀ ਲੋੜ ਹੈ।
ਨਵੇਂ ਕਦਮਾਂ ਤਹਿਤ ਯਾਤਰੀਆਂ ਨੂੰ ਕਿਸੇ ਫਲਾਈਟ 'ਤੇ ਚੜ੍ਹਨ ਤੋਂ ਪਹਿਲਾਂ ਸਰਕਾਰ ਵੱਲੋਂ ਮਨਜ਼ੂਰੀ ਹਾਸਿਲ ਕਰ ਚੁੱਕੇ ਹਵਾਈ ਅੱਡਿਆਂ ਦੇ ਨੇੜ ਦੇ ਹੋਟਲਾਂ 'ਚ 3 ਦਿਨ ਲਈ ਕੁਆਰੰਟੀਨ ਕਰਨ ਲਈ ਬੁਕਿੰਗ ਕਰਨੀ ਹੋਵੇਗੀ।
ਹਵਾਈ ਅੱਡੇ 'ਤੇ ਉੱਤਰਦੇ ਹੋਏ ਕੋਵਿਡ-19 ਦਾ ਟੈਸਟ ਹੋਵੇਗਾ ਅਤੇ ਫਿਰ ਕੁਆਰੰਟੀਨ ਦਾ ਸਮਾਂ ਖਤਮ ਹੁੰਦੇ ਹੋਏ ਵੀ ਕੋਵਿਡ-19 ਟੈਸਟ ਹੋਵੇਗਾ।
ਫੈਡਰਲ ਸਰਕਾਰ ਨੇ ਮੌਡਰਨਾ ਵੈਕਸੀਨ ਦੀਆਂ 4 ਮਿਲੀਅਨ ਵਧੇਰੇ ਡੋਜ਼ ਖਰੀਦੀਆਂ
ਕੈਨੇਡਾ 'ਚ ਫੈਡਰਲ ਸਰਕਾਰ ਨੇ ਮੌਡਰਨਾ ਦੀ ਕੋਵਿਡ-19 ਵੈਕਸੀਨ ਦੀਆਂ ਹੋਰ 4 ਮਿਲੀਅਨ ਡੋਜ਼ ਖਰੀਦੀਆਂ ਹਨ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ, ਅਗਲੇ ਮਹੀਨੇ ਦੇ ਅੰਤ ਤਕ ਕਰਾਰ ਮੁਤਾਬਿਕ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ 4 ਮਿਲੀਅਨ ਡੋਜ਼ ਵੀ ਕੈਨੇਡਾ ਪਹੁੰਚ ਜਾਣਗੀਆਂ।
ਟਰੂਡੋ ਨੇ ਕਿਹਾ ਕਿ ਇਸ ਤੋਂ ਬਾਅਦ ਅਪ੍ਰੈਲ ਤੋਂ ਜੂਨ ਵਿਚਾਲੇ ਇਸ ਵੈਕਸੀਨ ਦੀਆਂ 10.8 ਮਿਲੀਅਨ ਡੋਜ਼ ਕੈਨੇਡਾ ਪਹੁੰਚਣ ਦੀ ਆਸ ਹੈ।




