Sep 16, 2026 6:43 PM - Connect Newsroom - Ramandeep Kaur

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਪਿਛਲੇ ਮਹਿਜ਼ ਦੋ ਦਿਨਾਂ ਦੇ ਅੰਦਰ ਦੋ ਹਾਈ ਰਿਸਕ ਕ੍ਰਿਮੀਨਲਸ ਨੂੰ ਸ਼ਹਿਰ ਵਿਚ ਰਿਲੀਜ਼ ਕੀਤੇ ਜਾਣ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਮੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਨੂੰ ਰਿਹਾਅ ਕਰਕੇ ਸਰੀ ਵਿਚ ਰਹਿਣ ਲਈ ਛੱਡਣਾ ਬਿਲਕੁਲ ਨਾ-ਬਰਦਾਸ਼ਤਯੋਗ ਹੈ। ਸਰੀ ਪੁਲਿਸ ਸਰਵਿਸ ਵੱਲੋਂ ਜਨਤਕ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਲੌਕ ਨੇ ਇੱਕ ਬਿਆਨ ਵਿਚ ਕਿਹਾ ਕਿ ਜੋਨਾਥਨ ਮੁਜ਼ਿਚਕਾ ਅਤੇ ਸਕਾਈਲਰ ਪੈਲੇਟੀਅਰ ਵਰਗੇ ਹਿੰਸਕ ਪਿਛੋਕੜ ਵਾਲੇ ਅਪਰਾਧੀਆਂ ਦਾ ਸਰੀ ਵਿਚ ਕੋਈ ਸਵਾਗਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰੀ 7 ਲੱਖ ਤੋਂ ਵੱਧ ਪਰਿਵਾਰਾਂ ਦਾ ਘਰ ਹੈ, ਜਿਥੇ ਵਾਰ-ਵਾਰ ਸ਼ਹਿਰ ਨੂੰ ਅਜਿਹੇ ਖ਼ਤਰਨਾਕ ਕ੍ਰਿਮੀਨਲਸ ਦੀ ਰਿਹਾਇਸ਼ ਲਈ ਚੁਣਿਆ ਜਾ ਰਿਹਾ ਹੈ, ਜੋ ਕਿ ਲੋਕਾਂ ਦੀ ਸੁਰੱਖਿਆ ਨਾਲ ਵੱਡਾ ਖਿਲਾਵਾੜ ਹੈ।
ਲੌਕ ਨੇ ਕਿਹਾ ਕਿ ਉਹ ਕ੍ਰਿਮੀਨਲਸ ਦੇ ਸੁਧਾਰ ਅਤੇ ਮੁੜ-ਵਸੇਬੇ ਦੇ ਪੱਖ ਵਿਚ ਹਨ ਪਰ ਉੱਚ-ਜੋਖਮ ਵਾਲੇ ਅਪਰਾਧੀਆਂ ਦੇ ਪ੍ਰਬੰਧਨ ਦਾ ਬੋਝ ਸਾਰੇ ਖੇਤਰਾਂ ਵਿਚ ਬਰਾਬਰ ਹੋਣਾ ਚਾਹੀਦਾ ਹੈ ਨਾ ਕਿ ਇਸ ਨੂੰ ਕਿਸੇ ਇੱਕ ਕਮਿਊਨਿਟੀ 'ਤੇ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਗੰਭੀਰ ਮੁੱਦੇ 'ਤੇ ਫੈਡਰਲ ਨਿਆਂ ਮੰਤਰੀ ਨੂੰ ਤੁਰੰਤ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।




