Jan 7, 2023 1:08 AM - Connect News

ਸਰ੍ਹੀ ਦੀ ਮੇਅਰ ਬ੍ਰੈਂਡਾ ਲੌਕ ਦਾ ਕਹਿਣਾ ਹੈ ਕਿ ਬੀਤੇ ਮਹੀਨੇ ਸਰ੍ਹੀ ਸਿਟੀ ਕਾਉਂਸਿਲ ਕੋਲ ਇੱਕ ਸਟਾਫ਼ ਰਿਪੋਰਟ ਪਹੁੰਚਾਈ ਗਈ ਹੈ ਜੋ ਕਿ ਸ਼ਹਿਰ 'ਚ ਪੁਲਿਸ ਟ੍ਰਾਂਜ਼ਿਸ਼ਨ ਦੇ ਭਾਰੀ ਖਰਚੇ ਦੀ ਤਸਵੀਰ ਪੇਸ਼ ਕਰਦੀ ਹੈ।
ਉਸ ਰਿਪੋਰਟ ਮੁਤਾਬਿਕ ਸਰ੍ਹੀ ਪੁਲਿਸ ਸਰਵਿਸ 'ਤੇ ਆਉਣ ਵਾਲਾ ਖਰਚਾ ਸ਼ਹਿਰ 'ਚ ਆਰ.ਸੀ.ਐਮ.ਪੀ. ਰੱਖਣ ਮੁਕਾਬਲੇ ਅਗਲੇ 5 ਸਾਲ 'ਚ $235 ਮਿਲੀਅਨ ਵਧੇਰੇ ਹੋਵੇਗਾ।
ਮੇਅਰ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ 'ਚ ਇਸ ਪੁਲਿਸ ਟ੍ਰਾਂਜ਼ਿਸ਼ਨ ਲਈ ਅੱਗੇ ਵਧਿਆ ਜਾਂਦਾ ਹੈ ਤਾਂ ਆਉਂਦੇ ਸਾਲ 'ਚ ਇੱਕ ਵਾਰ ਦਾ 55% ਦਾ ਟੈਕਸ ਵਾਧਾ ਕਰਨਾ ਹੋਵੇਗਾ।
ਇਹ ਵਾਧਾ ਕਾਉਂਸਿਲ ਵੱਲੋਂ ਰੱਖੇ ਗਏ ਆਮ ਟੈਕਸ ਰੇਟ ਤੋਂ ਅਲੱਗ ਹੋਵੇਗਾ।
ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਸਰ੍ਹੀ ਪੁਲਿਸ ਸਰਵਿਸ 'ਤੇ ਸਵਿਚ ਕਰਨ ਨਾਲ ਸ਼ਹਿਰ ਦੇ ਟੈਕਸ ਦਿੰਦੇ ਲੋਕਾਂ 'ਤੇ ਵਿੱਤੀ ਦਬਾਅ ਵਧੇਗਾ।
ਮੇਅਰ ਨੇ ਕਿਹਾ ਕਿ ਸ਼ਹਿਰ ਦੇ ਟੈਕਸ ਦਿੰਦੇ ਲੋਕਾਂ 'ਤੇ ਵੱਧਦੇ ਦਬਾਅ ਵਿਚਾਲੇ ਅਤੇ ਬਜਟ ਨੂੰ ਫਾਈਨਲ ਕਰਨ ਦੇ ਹਾਲਾਤਾਂ ਵਿਚਾਲੇ ਬਿਹਤਰ ਹੋਵੇਗਾ ਕਿ ਕਾਉਂਸਿਲ ਦਾ ਸ਼ਹਿਰ 'ਚ ਆਰ.ਸੀ.ਐਮ.ਪੀ. ਰੱਖਣ ਦਾ ਫੈਸਲਾ ਮੰਨ ਲਿਆ ਜਾਵੇ।
ਮੇਅਰ ਦੇ ਬਿਆਨ 'ਤੇ ਕਾਉਂਸਲਰ ਲਿੰਡਾ ਐਨਿਸ ਨੇ ਚੁੱਕੇ ਸਵਾਲ
ਅੱਜ ਦੇ ਮੇਅਰ ਬ੍ਰੈਂਡਾ ਲੌਕ ਦੇ ਸਰ੍ਹੀ ਪੁਲਿਸ ਟ੍ਰਾਂਜ਼ਿਸ਼ਨ ਨੂੰ ਜਾਰੀ ਰੱਖਣ ਦੀ ਹਾਲਤ 'ਚ ਟੈਕਸ ਦੇ ਵਾਧੇ ਸੰਬੰਧੀ ਦਿੱਤੇ ਬਿਆਨ 'ਤੇ ਕਾਉਂਸਲਰ ਲਿੰਡਾ ਐਨਿਸ ਨੇ ਬਿਆਨ ਜਾਰੀ ਕਰ ਆਖਿਆ ਹੈ ਕਿ ਮੇਅਰ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹਨ।
ਲਿੰਡਾ ਐਨਿਸ ਨੇ ਕਿਹਾ ਕਿ ਸਵਾਲ ਇਹੀ ਹੈ ਕਿ ਪੇਸ਼ ਕੀਤੀ ਗਈ ਰਿਪੋਰਟ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ ਜਾ ਸਕਦਾ ਹੈ ਜਿਸ ਦੇ ਆਧਾਰ 'ਤੇ 55% ਟੈਕਸ ਵਾਧੇ ਦੀ ਗੱਲ ਆਖੀ ਗਈ ਹੈ।
ਉਨ੍ਹਾਂ ਕਿਹਾ ਕਿ ਟ੍ਰਾਂਜ਼ਿਸ਼ਨ ਸੰਬੰਧੀ ਫਾਈਨੈਂਸ਼ੀਅਲ ਅੰਕੜਿਆਂ 'ਤੇ ਸੁਤੰਤਰ ਅੱਖਾਂ ਹੋਣੀਆਂ ਚਾਹੀਦੀਆਂ ਸਨ।
ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਐਸ.ਪੀ.ਐਸ. ਦੇ ਅਲੱਗ ਅੰਕੜੇ ਹਨ, ਆਰ.ਸੀ.ਐਮ.ਪੀ. ਦੇ ਅੰਕੜੇ ਹਨ ਅਤੇ ਸਿਟੀ ਨੇ ਆਪਣੇ ਨੰਬਰ ਪੇਸ਼ ਕੀਤੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ 'ਚ ਮੇਅਰ ਦਾ ਟੈਕਸ ਵਾਧੇ ਸੰਬੰਧੀ ਬਿਆਨ ਵਧੇਰੇ ਉਲਝਣ ਪੈਦਾ ਕਰਨ ਵਾਲਾ ਹੈ।




