Mar 15, 2022 7:19 PM - The Canadian Press

ਨੌਰਥ ਵੈਨਕੂਵਰ 'ਚ ਸੀਮੋਰ ਬੁਲੇਵਾਰਡ ਕੋਲ ਸਥਿਤ ਰੀਅਲ ਕਨੇਡੀਅਨ ਸੁਪਰਸਟੋਰ ਕੋਲ 11 ਮਾਰਚ ਨੂੰ ਵਾਪਰੀ ਸ਼ੂਟਿੰਗ ਦੀ ਵਾਰਦਾਤ ਬਾਰੇ ਅੱਜ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਆਈ.ਹਿਟ ਤੋਂ ਡਿਟੈਕਟਿਵ ਕੌਰਪੋਰਲ ਸੁਖੀ ਢੇਸੀ ਨੇ ਦੱਸਿਆ ਕਿ ਇਸ ਘਟਨਾ 'ਚ 34 ਸਾਲਾ ਮਿਲਾਦ ਰਾਹਿਮੀ ਦੀ ਮੌਤ ਹੋ ਗਈ ਸੀ।
ਉਸ ਨੂੰ ਕਈ ਗੋਲੀਆਂ ਲੱਗੀਆਂ ਸਨ।
ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਇੱਕ ਨੀਲੇ ਰੰਗ ਦੀ ਮਾਜ਼ਦਾ ਗੱਡੀ ਬਾਰੇ ਪਤਾ ਲੱਗਿਆ ਸੀ ਜਿਸ 'ਚ ਹਮਲਾਵਰ ਆਏ ਸਨ ਅਤੇ ਇਸ ਗੱਡੀ ਦੀਆਂ ਲਾਈਸੈਂਸ ਪਲੇਟਸ ਚੋਰੀ ਦੀਆਂ ਸਨ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸ਼ਾਮ ਕਰੀਬ 7 ਵਜੇ ਨੌਰਥ ਵੈਨਕੂਵਰ ਦੇ ਟੈਨਪੇ ਕ੍ਰੀਸੈਂਟ ਦੇ 300 ਬਲੌਕ 'ਚ ਇੱਕ ਗੱਡੀ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ।
ਇਸ ਨੂੰ ਮਿਲਾਦ ਰਾਹਿਮੀ ਦੇ ਕਤਲ ਦੀ ਵਾਰਦਾਤ 'ਚ ਵਰਤਿਆ ਵਾਹਨ ਮੰਨਿਆ ਜਾ ਰਿਹਾ ਹੈ।
ਆਈ.ਹਿਟ ਨੇ ਦੱਸਿਆ ਕਿ ਅੱਜ 2 ਸ਼ੱਕੀਆਂ ਦੀ ਤਸਵੀਰ ਜਾਰੀ ਕੀਤੀ ਜਾ ਰਹੀ ਹੈ ਜੋ ਕਿ ਇਸ ਸ਼ੱਕੀ ਵਾਹਨ ਨਾਲ ਸੰਬੰਧਤ ਮੰਨੇ ਜਾ ਰਹੇ ਹਨ।
ਕੌਰਪੋਰਲ ਢੇਸੀ ਨੇ ਕਿਹਾ ਕਿ ਜੇਕਰ ਤਸਵੀਰਾਂ ਵੇਖਣ ਤੋਂ ਬਾਅਦ ਕਿਸੇ ਨੂੰ ਸ਼ੱਕੀਆਂ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਕੋਲ ਪਹੁੰਚ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਾਂਚ ਸ਼ੁਰੂਆਤੀ ਦੌਰ 'ਚ ਹੈ ਪਰ ਪੀੜਤ ਆਦਮੀ ਦੇ ਲੰਮੇ ਸਮੇਂ ਤੋਂ ਲੋਕਲ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਂਗ ਸੰਪਰਕ ਰਹੇ ਸਨ।




