Dec 2, 2020 2:25 AM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ 'ਫਾਲ' ਦੀ ਇਕਨਾਮਿਕ ਸਟੇਟਮੈਂਟ 'ਤੇ ਹਾਊਸ ਆਫ ਕਾਮਨਜ਼ 'ਚ ਵੋਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਵੋਟ ਆਸਰੇ ਪਤਾ ਲੱਗੇਗਾ ਕਿ ਹਾਊਸ ਆਫ ਕਾਮਨਜ਼ ਨੂੰ ਉਨ੍ਹਾਂ ਦੀ ਸਰਕਾਰ 'ਚ ਕਿਸ ਪ੍ਰਕਾਰ ਦਾ ਭਰੋਸਾ ਹੈ।
ਯਾਦ ਰਹੇ ਇਸ ਵੋਟ 'ਚ ਜੇਕਰ ਜ਼ਰੂਰੀ ਸਹਿਯੋਗ ਨਹੀਂ ਮਿਲਦਾ ਤਾਂ ਮਾਈਨੌਰੀਟੀ ਸਰਕਾਰ ਡਿੱਗ ਸਕਦੀ ਹੈ।
ਇਸ ਦੇ ਤਹਿਤ ਦੇਸ਼ 'ਚ ਫੈਡਰਲ ਚੋਣ ਹੋ ਸਕਦੀ ਹੈ।
ਹਾਲਾਂਕਿ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦਾ ਜ਼ਰੂਰੀ ਸਹਿਯੋਗ ਜ਼ਰੂਰ ਮਿਲੇਗਾ, ਕਿਉਂਕਿ ਘਰਾਂ ਅਤੇ ਵਪਾਰਾਂ ਨੂੰ ਬਹੁਤ ਸਾਰੇ ਪ੍ਰਪੋਜ਼ ਕੀਤੇ ਗਏ ਕਦਮਾਂ ਦੀ ਮਦਦ ਦੀ ਲੋੜ ਹੈ।
ਯਾਦ ਰਹੇ ਸੋਮਵਾਰ ਨੂੰ ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਕ੍ਰਿਸਟੀਆ ਫ੍ਰੀਲੈਂਡ ਨੇ 'ਫਾਲ' ਦੀ ਇਕਨਾਮਿਕ ਸਟੇਟਮੈਂਟ ਜਾਰੀ ਕੀਤੀ ਸੀ।
"ਪੈਂਡੇਮਿਕ ਦਰਮਿਆਨ ਲੋਕਾਂ ਦੇ ਸਹਿਯੋਗ ਲਈ ਵਰਤਿਆ ਜਾ ਰਿਹਾ 80% ਦੇ ਕਰੀਬ ਪੈਸਾ ਫੈਡਰਲ ਸਰਕਾਰ ਦਾ"
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਪੈਂਡੇਮਿਕ ਦਰਮਿਆਨ ਕਨੇਡੀਅਨ ਲੋਕਾਂ ਦੇ ਸਹਿਯੋਗ ਅਤੇ ਬਚਾਅ ਲਈ ਵਰਤਿਆ ਜਾ ਰਿਹਾ ਕਰੀਬ 80% ਪੈਸਾ ਫੈਡਰਲ ਸਰਕਾਰ ਤੋਂ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ 'ਚ ਹਜ਼ਾਰਾਂ ਦੀ ਗਿਣਤੀ 'ਚ ਰੈਪਿਡ ਟੈਸਟ ਕਿਟ ਵੀ ਸ਼ਾਮਿਲ ਹਨ, ਜਿੰਨਾ ਨੂੰ ਦੇਸ਼ ਭਰ 'ਚ ਵੰਡਿਆ ਜਾ ਰਿਹਾ ਹੈ।
ਟਰੂਡੋ ਨੇ ਕਿਹਾ ਕਿ ਵੱਡੀ ਗਿਣਤੀ 'ਚ ਪੈਸਾ ਕੋਵਿਡ-19 ਵੈਕਸੀਨਾਂ 'ਤੇ ਵੀ ਖਰਚਿਆ ਗਿਆ ਹੈ, ਜੋ ਕਿ ਫ਼ਿਲਹਾਲ ਦੇਸ਼ ਕੋਲ ਨਹੀਂ ਪਹੁੰਚੀਆਂ ਹਨ।
ਟਰੂਡੋ ਨੇ ਕਿਹਾ ਕਿ ਅਮਰੀਕੀ ਫਾਰਮਾਸੁਟਿਕਲ ਕੰਪਨੀ ਮੌਡਰਨਾ ਦੀਆਂ ਪਹਿਲੀਆਂ ਡੋਜ਼ਾਂ ਵਿੱਚੋਂ ਕੁਝ ਦਾ ਕੈਨੇਡਾ ਕੋਲ ਪਹੁੰਚਣਾ ਤੈਅ ਹੈ।
ਹਾਲਾਂਕਿ ਇਸ ਨੂੰ ਹੈਲਥ ਕੈਨੇਡਾ ਦੀ ਮਨਜ਼ੂਰੀ ਲੈਣੀ ਹੋਵੇਗੀ।
ਡਿਪਾਰਟਮੈਂਟ ਵੱਲੋਂ ਰੀਵਿਊ ਕੀਤੇ ਜਾ ਰਹੇ 4 ਕੈਂਡੀਡੇਟਸ 'ਚ ਮੌਡਰਨਾ ਵੀ ਸ਼ਾਮਿਲ ਹੈ।




