Jul 9, 2024 3:44 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਟੋ ਦੀ ਸਥਾਪਨਾ ਦੇ 75ਵੀਂ ਵਰ੍ਹੇਗੰਢ ਮੌਕੇ ਵਾਸ਼ਿੰਗਟਨ ਵਿਚ ਹਨ, ਜਿੱਥੇ ਤਿੰਨ ਦਿਨਾਂ ਨਾਟੋ ਸਮਿਟ ਵਿਚ ਪ੍ਰਮੁੱਖ ਫੋਕਸ ਯੂਕਰੇਨ ਜੰਗ ’ਤੇ ਰਹਿਣ ਵਾਲਾ ਹੈ। ਇਸ ਦੌਰਾਨ ਯੂਕਰੇਨ ਨੂੰ ਸਮਰਥਨ ਦੇਣ ਲਈ ਜਿੱਥੇ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਜਾਣੀ ਹੈ, ਉਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਬਾਰੇ ਵੀ ਗੱਲਬਾਤ ਹੋਵੇਗੀ।
ਟਰੂਡੋ ਵਲੋਂ ਯੂਕਰੇਨ ਦਾ ਜ਼ੋਰਦਾਰ ਸਮਰਥਨ ਕੀਤਾ ਜਾਵੇਗਾ ਪਰ ਕੈਨੇਡੀਅਨ ਅਧਿਕਾਰੀਆਂ ਨੂੰ ਮਿਲਟਰੀ ਖ਼ਰਚ ਦੇ ਮਾਮਲੇ ਵਿਚ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਵੇਗਾ।
ਨਾਟੋ ਮੈਂਬਰਸ ਆਪਣੀ ਜੀ. ਡੀ. ਪੀ. ਦੇ ਦੋ ਫੀਸਦੀ ਦੇ ਬਰਾਬਰ ਡਿਫੈਂਸ ’ਤੇ ਖ਼ਰਚ ਕਰਨ ਲਈ ਸਹਿਮਤ ਹੋਏ ਸਨ ਪਰ ਪਿਛਲੇ ਕਈ ਸਾਲਾਂ ਤੋਂ ਕੈਨੇਡਾ 32 ਮੈਂਬਰੀ ਗਠਜੋੜ ਵਿਚੋਂ ਇੱਕ ਬਾਹਰੀ ਬਣ ਗਿਆ ਹੈ, ਜੋ ਮਿਲਟਰੀ ਖਰਚ ਦੇ ਟੀਚਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ ਅਤੇ ਇਸ ’ਤੇ ਪਹੁੰਚਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦੇ ਸਹਿਯੋਗੀਆਂ ਨੂੰ ਨਿਰਾਸ਼ ਕੀਤਾ ਹੈ।
ਨਾਟੋ ਦੇ 12 ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਕੈਨੇਡਾ ਨੇ ਰੂਸ ਵਲੋਂ ਯੂਕਰੇਨ ਦੇ ਕ੍ਰੀਮੀਆ ਉੱਤੇ ਕਬਜ਼ਾ ਕਰਨ ਦੇ ਮੱਦੇਨਜ਼ਰ 2014 ਵਿਚ ਜੀ. ਡੀ. ਪੀ. ਦਾ ਦੋ ਫੀਸਦੀ ਡਿਫੈਂਸ ’ਤੇ ਖਰਚ ਕਰਨ ਦੇ ਵਾਅਦੇ ’ਤੇ ਦਸਤਖਤ ਕੀਤੇ ਸਨ ਪਰ ਦੋ ਸੰਸਥਾਪਕ ਮੈਂਬਰ ਕੈਨੇਡਾ ਅਤੇ ਬੈਲਜੀਅਮ ਨਾ ਸਿਰਫ ਟੀਚੇ ਨੂੰ ਪੂਰਾ ਕਰਨ ਵਿਚ ਫੇਲ੍ਹ ਰਹੇ ਹਨ ਸਗੋਂ ਨਵੇਂ ਫੌਜੀ ਉਪਕਰਣਾਂ ’ਤੇ ਖ਼ਰਚ ਕਰਨ ਦੀ ਜ਼ਰੂਰਤ ਨੂੰ ਵੀ ਪੂਰਾ ਨਹੀਂ ਕਰ ਰਹੇ।




