Aug 27, 2026 6:22 PM - Connect Newsroom - Ramandeep Kaur with files from The Canadian Press

ਕੈਨੇਡਾ-ਅਮਰੀਕਾ ਦੀ ਟਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਲੇਕ ਓਨਟਾਰੀਓ ਦਾ ਨਾਂ ਤੁਰੰਤ ਪ੍ਰਭਾਵ ਨਾਲ ਬਦਲ ਕੇ ਲੇਕ ਅਮਰੀਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਹਾਂ ਮੁਲਕਾਂ ਦੀ ਸਰਹੱਦ 'ਤੇ ਸਥਿਤ ਇਸ ਲੇਕ ਦਾ ਨਾਮ ਬਦਲਣ ਦੀ ਟਰੰਪ ਦੀ ਇਹ ਕੋਸ਼ਿਸ਼ ਵਾਸ਼ਿੰਗਟਨ ਅਤੇ ਔਟਵਾ ਵਿਚਕਾਰ ਵਪਾਰਕ ਗੱਲਬਾਤ ਪੂਰੀ ਤਰ੍ਹਾਂ ਟੁੱਟਣ ਤੋਂ ਬਾਅਦ ਸਾਹਮਣੇ ਆਈ ਹੈ।
ਟਰੰਪ ਨੇ ਪਿਛਲੇ ਦਿਨਾਂ ਵਿਚ ਕਈ ਵਾਰ ਇਹ ਪ੍ਰਤੀਕਾਤਮਕ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਉਹ ਇਸ ਬਾਰੇ ਗੰਭੀਰ ਸਨ, ਜਦੋਂ ਕਿ ਕੈਨੇਡੀਅਨ ਅਧਿਕਾਰੀ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਨਵੇਂ ਨਾਮ ਨੂੰ ਬਿਲਕੁਲ ਵੀ ਮਾਨਤਾ ਨਹੀਂ ਦੇਣਗੇ। ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਆਦੇਸ਼ 'ਤੇ ਦਸਤਖਤ ਕਰਨ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਸ ਸਬੰਧੀ ਸਾਰੇ ਲੋੜੀਂਦੇ ਕਾਗਜ਼ਾਤ ਅਤੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
ਰਿਪੋਰਟ ਮੁਤਾਬਕ, ਟਰੰਪ ਦਾ ਇਹ ਕਦਮ ਅਮਰੀਕੀ ਗ੍ਰਹਿ ਸਕੱਤਰ ਅਤੇ ਉਨ੍ਹਾਂ ਦੇ ਵਿਭਾਗ ਨੂੰ Geographic Names Information System ਨੂੰ ਅਪਡੇਟ ਕਰਨ ਦਾ ਨਿਰਦੇਸ਼ ਦਿੰਦਾ ਹੈ ਤਾਂ ਜੋ ਰਿਕਾਰਡ ਵਿਚ ਇਹ ਦਰਜ ਕੀਤਾ ਜਾ ਸਕੇ ਕਿ ਜਿਸ ਲੇਕ ਨੂੰ ਕਦੇ ਲੇਕ ਓਨਟਾਰੀਓ ਵਜੋਂ ਜਾਣਿਆ ਜਾਂਦਾ ਸੀ, ਉਸ ਨੂੰ ਹੁਣ ਤੋਂ ਲੇਕ ਅਮਰੀਕਾ ਕਿਹਾ ਜਾਵੇਗਾ। ਇਹ ਕਾਰਵਾਈ ਟਰੰਪ ਦੇ ਪਿਛਲੇ ਸਾਲ ਦੇ ਉਸ ਫੈਸਲੇ ਵਰਗੀ ਹੀ ਹੈ, ਜਦੋਂ ਉਨ੍ਹਾਂ ਨੇ Gulf of ਮੈਕਸੀਕੋ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਅਮਰੀਕੀ ਏਜੰਸੀਆਂ ਨੂੰ ਆਦੇਸ਼ ਦਿੱਤਾ ਸੀ।




