Oct 23, 2026 4:32 PM - Connect Newsroom - Ramandeep Kaur with files from The Canadian Press

ਕੈਨੇਡਾ ਨਾਲ ਟ੍ਰੇਡ ਡੀਲ ਨੂੰ ਲੈ ਕੇ ਟਰੰਪ ਨੇ ਦਾਅਵਾ ਕੀਤਾ ਹੈ ਕਿ ਵਾਸ਼ਿੰਗਟਨ ਅਤੇ ਔਟਵਾ ਸਮਝੌਤੇ ਦੇ ਬਹੁਤ ਨੇੜੇ ਹਨ ਪਰ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਇਸ ਗੱਲਬਾਤ ਵਿਚ ਸਾਰੇ ਅਹਿਮ ਪੱਤੇ ਉਨ੍ਹਾਂ ਦੇ ਹੱਥ ਵਿਚ ਹਨ। ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਕੈਨੇਡਾ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਮੈਂ ਇਹ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਸਾਰਾ ਫੈਸਲਾ ਸਾਡੇ ਹੱਥ ਵਿਚ ਹੈ।
ਦੂਜੇ ਪਾਸੇ, ਟਰੰਪ ਦੇ ਇਸ ਬਿਆਨ ਤੋਂ ਕੁਝ ਘੰਟੇ ਪਹਿਲਾਂ ਤੁਰਕੀ ਦੇ ਇਸਤਾਂਬੁਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਅਮਰੀਕਾ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਦੋਵਾਂ ਦੇਸ਼ਾਂ ਦੇ ਹਿੱਤਾਂ ਮੁਤਾਬਕ ਇੱਕ ਸਹੀ ਵਪਾਰਕ ਸਮਝੌਤੇ ਲਈ ਨੇਕ ਨੀਅਤ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਹਾਲਾਂਕਿ,ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਲਈ ਸਮਝੌਤੇ ਦੀ ਸਮਾਂ-ਸੀਮਾ ਕੋਈ ਮਾਇਨੇ ਨਹੀਂ ਰੱਖਦੀ ਅਤੇ ਜੇ ਅਮਰੀਕਾ ਵਾਲੇ ਚਾਹੁਣ ਤਾਂ ਅੱਜ ਦੁਪਹਿਰ ਨੂੰ ਹੀ ਦਸਤਖਤ ਕਰ ਸਕਦੇ ਹਨ ਪਰ ਜੇਕਰ ਇਸ ਵਿਚ ਮਹੀਨੇ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ ਤਾਂ ਕੈਨੇਡਾ ਆਪਣੇ ਨਾਗਰਿਕਾਂ ਦੇ ਹਿੱਤ ਲਈ ਇੰਤਜ਼ਾਰ ਕਰਨ ਅਤੇ ਕਿਸੇ ਵੀ ਮਾੜੇ ਸਮਝੌਤੇ ਨੂੰ ਸਵੀਕਾਰ ਨਾ ਕਰਨ ਦੇ ਆਪਣੇ ਸਟੈਂਡ 'ਤੇ ਕਾਇਮ ਹੈ।




