Aug 24, 2026 6:00 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਨਾਲ ਫਿਰ ਵਪਾਰਕ ਗੱਲਬਾਤ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਇਸ ਵਪਾਰਕ ਜੰਗ ਦੇ ਜਲਦੀ ਖ਼ਤਮ ਹੋਣ ਦੀ ਉਮੀਦ ਬਹੁਤ ਘੱਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਸਹੀ ਤਰੀਕੇ ਗੱਲਬਾਤ ਦੀ ਮੇਜ਼ 'ਤੇ ਆਵੇਗਾ ਤਾਂ ਬੇਸ਼ੱਕ ਅਸੀਂ ਵੀ ਆਵਾਂਗੇ ਪਰ ਇਹ ਰਵੱਈਆ ਕਿ ਕੈਨੇਡਾ ਅਮਰੀਕਾ ਦੀ Subsidiary ਹੈ, ਇਸ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
ਕਾਰਨੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਇਸ ਮੋੜ 'ਤੇ ਖੁਦ ਗੱਲਬਾਤ ਦੀ ਮੰਗ ਨਹੀਂ ਮੰਗੇਗਾ ਪਰ ਇਹ ਸੰਭਵ ਹੈ ਕਿ ਟਰੰਪ ਪ੍ਰਸ਼ਾਸਨ ਭਵਿੱਖ ਵਿਚ ਖੁਦ ਵਾਰਤਾ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰੇ, ਹਾਲਾਂਕਿ, ਔਟਵਾ ਫਿਲਹਾਲ ਅਜਿਹੀ ਕਿਸੇ ਉਮੀਦ 'ਤੇ ਨਿਰਭਰ ਨਹੀਂ ਹੈ। ਦੂਜੇ ਪਾਸੇ, ਖ਼ਬਰਾਂ ਹਨ ਕਿ ਓਨਟਾਰੀਓ ਸਰਕਾਰ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਦੇ ਘੱਟੋ-ਘੱਟ ਅਗਲੇ ਦੋ ਸਾਲਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖ ਕੇ ਆਪਣੀ ਲੰਬੇ ਸਮੇਂ ਦੀ ਆਰਥਿਕ ਰਣਨੀਤੀ ਤਿਆਰ ਕਰ ਰਹੀ ਹੈ।
ਇਸ ਵਿਚਕਾਰ ਯੂਨੀਵਰਸਿਟੀ ਔਫ ਕੈਲਗਰੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਟ੍ਰੇਵਰ Tombe ਦੇ ਇੱਕ ਵਿਸ਼ਲੇਸ਼ਣ ਅਨੁਸਾਰ, ਟਰੰਪ ਦੇ 50 ਫੀਸਦੀ ਟੈਰਿਫਸ ਕਾਰਨ ਦੇਸ਼ ਵਿਚ ਲਗਭਗ 87,000 ਨੌਕਰੀਆਂ ਖ਼ਤਰੇ ਵਿਚ ਪੈ ਸਕਦੀਆਂ ਹਨ,ਜਿਨ੍ਹਾਂ ਵਿਚੋਂ 52,000 ਸਿੱਧੇ ਤੌਰ 'ਤੇ ਅਤੇ 35,000 ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਸਟੱਡੀ ਮੁਤਾਬਕ, ਇਹ ਟੈਰਿਫ ਕੈਨੇਡਾ ਦੀ ਬੇਰੁਜ਼ਗਾਰੀ ਦਰ ਨੂੰ 6.4 ਫੀਸਦੀ ਤੋਂ ਵਧਾ ਕੇ 6.8 ਫੀਸਦੀ ਤੱਕ ਪਹੁੰਚਾ ਸਕਦੇ ਹਨ।




