Aug 18, 2026 6:41 PM - Connect Newsroom - Ramandeep Kaur with files from The Canadian Press

ਕਿਊਬੈਕ ਦੀ ਵੱਖਵਾਦੀ ਪਾਰਟੀ ਦੇ ਲੀਡਰ ਪਾਲ ਸੇਂਟ-ਪੀਅਰ ਪਲੈਮੰਡਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿਚ ਰਹਿੰਦਿਆਂ ਸੂਬੇ ਵਿਚ ਆਜ਼ਾਦੀ ਲਈ ਰਿਫਰੈਂਡਮ ਕਰਵਾਉਣ ਦੇ ਆਪਣੇ ਏਜੰਡੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ। ਪਲੈਮੰਡਨ ਨੇ ਮੰਗਲਵਾਰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ ਜਿੱਤ ਕੇ ਸਰਕਾਰ ਵਿਚ ਆਉਂਦੀ ਹੈ ਤਾਂ ਉਹ ਟਰੰਪ ਦੇ ਰਾਸ਼ਟਰਪਤੀ ਰਹਿੰਦਿਆਂ ਕਿਊਬੈਕ ਵਿਚ ਰਿਫਰੈਂਡਮ ਨਹੀਂ ਕਰਵਾਉਣਗੇ।
Parti Québécois ਦੇ ਲੀਡਰ ਨੇ ਕਿਹਾ ਕਿ ਸੂਬੇ ਦੇ ਸਿਆਸੀ ਭਵਿੱਖ ਵਰਗੇ ਅਹਿਮ ਅਤੇ ਗੰਭੀਰ ਮੁੱਦੇ ਲਈ ਇੱਕ ਸ਼ਾਂਤਮਈ ਮਾਹੌਲ ਦੀ ਲੋੜ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਇਸ ਮੁੱਦੇ ਨੂੰ ਅਮਰੀਕੀ ਰਾਜਨੀਤੀ ਵਲੋਂ ਹਾਈਜੈਕ ਕਰ ਲਿਆ ਜਾਵੇ, ਹਾਲਾਂਕਿ, ਪਲੈਮੰਡਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਸਰਕਾਰ ਵਿਚ ਆਈ ਤਾਂ ਉਹ ਆਪਣੇ ਪਹਿਲੇ ਕਾਰਜਕਾਲ ਵਿਚ ਹੀ ਕਿਊਬੈਕ ਵਾਸੀਆਂ ਨਾਲ ਆਜ਼ਾਦੀ ਦੇ ਮੁੱਦੇ 'ਤੇ ਸਲਾਹ-ਮਸ਼ਵਰਾ ਕਰਨਗੇ ਪਰ ਅਜਿਹਾ ਟਰੰਪ ਦੇ ਸੱਤਾ ਵਿਚ ਜਾਣ ਤੋਂ ਬਾਅਦ ਹੀ ਕੀਤਾ ਜਾਵੇਗਾ। ਗੌਰਤਲਬ ਹੈ ਕਿ ਟਰੰਪ ਦਾ ਦੂਜਾ ਕਾਰਜਕਾਲ 20 ਜਨਵਰੀ 2029 ਨੂੰ ਖਤਮ ਹੋਵੇਗਾ।




