Aug 19, 2024 5:55 PM - The Associated Press

ਰੂਸ ਨੇ ਕੁਰਸਕ ਵਿਚ ਯੂਕਰੇਨ ਦੇ ਹਮਲੇ ਦੇ ਜਵਾਬ ਵਿਚ ਉਸ ਦੇ ਡੌਨਬਾਸ ਦੇ ਪ੍ਰਮੁੱਖ ਸ਼ਹਿਰ ਪੋਕਰੋਵਸਕ ਵਿਚ ਬੜ੍ਹਤ ਬਣਾ ਲਈ ਹੈ, ਜਿਸ ਕਾਰਨ ਉੱਥੇ ਦੇ ਲੋਕਾਂ ਨੂੰ ਇਲਾਕਾ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੋਕਰੋਵਸਕ ਯੂਕਰੇਨ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਇਲਾਕਾ ਹੈ। ਇਲਾਕੇ ਦੇ ਗਵਰਨਰ ਨੇ ਕਿਹਾ ਕਿ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਲਈ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲਗਭਗ 4,000 ਬੱਚਿਆਂ ਸਮੇਤ 53,000 ਲੋਕ ਸ਼ਹਿਰ ਵਿਚ ਹਨ।
ਯੂਕਰੇਨ ਨੇ ਆਪਣੇ ਪੋਕਰੋਵਸਕ ਵਿਚ ਨਿਕਾਸੀ ਦੇ ਆਰਡਰ ਅਜਿਹੇ ਸਮੇਂ ਜਾਰੀ ਕੀਤੇ ਹਨ ਹਨ ਜਦੋਂ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਫੌਜ ਕੁਰਸਕ ਵਿਚ ਲਗਾਤਾਰ ਅੱਗੇ ਵੱਧ ਰਹੀ ਹੈ ਅਤੇ ਇਹ ਕਦਮ ਰੂਸ ਨੂੰ ਯੂਕਰੇਨ ਨਾਲ ਬਰਾਬਰ ਸ਼ਰਤਾਂ ’ਤੇ ਗੱਲਬਾਤ ਕਰਨ ਲਈ ਮਜਬੂਰ ਕਰੇਗਾ।
ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ 6 ਅਗਸਤ ਨੂੰ ਰੂਸ ਅੰਦਰ ਪਹਿਲਾ ਹਮਲਾ ਕਰਨ ਤੋਂ ਬਾਅਦ ਲਗਭਗ 1,100 ਵਰਗ ਕਿਲੋਮੀਟਰ ਖੇਤਰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਹੀ ਦੂਜੇ ਪਾਸੇ ਇੰਸਟੀਚਿਊਟ ਫਾਰ ਦਿ ਸਟੱਡੀ ਆਫ਼ ਵਾਰ ਦਾ ਅਨੁਮਾਨ ਹੈ ਕਿ ਰੂਸ ਨੇ ਯੂਕਰੇਨ ਦੇ ਲਗਭਗ 1,175 ਵਰਗ ਕਿਲੋਮੀਟਰ ’ਤੇ ਕੰਟਰੋਲ ਹਾਸਲ ਕੀਤਾ ਹੈ।




