Oct 6, 2026 2:08 PM - Connect Newsroom - Ramandeep Kaur with files from The Canadian Press

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਇੱਕ ਵਿਅਕਤੀ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ, ਇਹ ਘਟਨਾ ਐਤਵਾਰ ਰਾਤ ਲਗਭਗ 11:40 ਵਜੇ ਮੇਨ ਸਟ੍ਰੀਟ ਅਤੇ ਈਸਟ ਹੈਸਟਿੰਗਜ਼ ਸਟ੍ਰੀਟ ਨੇੜੇ ਵਾਪਰੀ ਸੀ।
ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਪਰ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕਾਂਸਟੇਬਲ ਡੈਰੇਨ ਵੋਂਗ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਅਚਾਨਕ ਹੋਇਆ ਹਮਲਾ ਨਹੀਂ ਸੀ ਬਲਕਿ ਹਮਲਾਵਰ ਅਤੇ ਪੀੜਤ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ।
ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਵੈਨਕੂਵਰ ਪੁਲਿਸ ਨੇ ਲੋਕਾਂ ਤੋਂ ਮਦਦ ਦੀ ਅਪੀਲ ਕਰਦਿਆਂ ਸ਼ੱਕੀ ਹਮਲਾਵਰ ਦਾ ਹੁਲੀਆ ਜਾਰੀ ਕੀਤਾ ਹੈ, ਜਿਸ ਮੁਤਾਬਕ ਉਹ 30 ਤੋਂ 40 ਸਾਲ ਦੀ ਉਮਰ ਦਾ ਇੱਕ ਕੋਕੇਸ਼ੀਅਨ ਵਿਅਕਤੀ ਹੈ।




