Jun 26, 2024 6:40 PM - The Canadian Press

ਵੈਨਕੂਵਰ ਪੁਲਿਸ ਨੇ ਪਿਛਲੇ ਮਹੀਨੇ ਸਕਾਰਾ ਜ਼ੇਡੇਕ ਸਿਨਾਗੌਗ ਵਿਚ ਅੱਗ ਲਗਾਉਣ ਵਾਲੇ ਇਕ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ। ਅੱਜ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰੇ ।
ਅੱਗ ਦੀ ਇਹ ਵਾਰਦਾਤ 30 ਮਈ ਨੂੰ ਰਾਤ ਤਕਰੀਬਨ 10 ਵਜੇ ਓਕ ਸਟ੍ਰੀਟ ਦੇ ਸਕਾਰਾ ਜ਼ੇਡੇਕ ਸਿਨਾਗੌਗ ਵਿਚ ਵਾਪਰੀ ਸੀ। ਕੰਸਟ. ਤਾਨੀਆ ਵਿਸਿੰਟਿਨ ਨੇ ਸਟੇਟਮੈਂਟ ਵਿਚ ਦੱਸਿਆ ਕਿ ਮੁੱਖ ਅਪਰਾਧ ਸੈਕਸ਼ਨ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਸ਼ੱਕੀ ਕੋਲ ਇਕ ਬੋਤਲ ਸੀ ਅਤੇ ਉਸ ਨੂੰ ਅੱਗ ਨਾਲ ਝੁਲਸ ਰਹੀ ਬਿਲਡਿੰਗ ਦੇ ਕੋਲ ਦੇਖਿਆ ਗਿਆ। ਇਸ ਦੇ ਬਾਅਦ ਉਹ ਤੇਜ਼ੀ ਨਾਲ ਇੱਥੋਂ ਫਰਾਰ ਹੋ ਗਿਆ। ਉਸ ਨੇ ਚਿੱਟੇ ਰੰਗ ਦੀ ਬੇਸਬਾਲ ਕੈਪ, ਗ੍ਰੇਅ ਜੈਕਟ, ਕਾਲੇ ਸ਼ਾਰਟ ਅਤੇ ਸਰਜੀਕਲ ਮਾਸਕ ਲਗਾਇਆ ਸੀ।
ਪੁਲਿਸ ਨੂੰ ਯਕੀਨ ਹੈ ਕਿ ਇਸ ਇਲਾਕੇ ਵਿਚ ਪਾਰਕ ਸਿਲਵਰ ਮਿਨੀਵੈਨ ਦੇ ਡਰਾਈਵਰ ਨੂੰ ਉਸ ਬਾਰੇ ਜਾਣਕਾਰੀ ਹੋ ਸਕਦੀ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਪਿਛਲੇ ਮਹੀਨੇ ਇਸ ਵਾਰਦਾਤ ਦੀ ਨਿੰਦਾ ਕੀਤੀ ਸੀ ਅਤੇ ਯਹੂਦੀ ਭਾਈਚਾਰੇ ਦੇ ਹੱਕ ਵਿਚ ਬਿਆਨ ਦਿੱਤਾ ਸੀ।
ਪੀ. ਐੱਮ. ਜਸਟਿਨ ਟਰੂਡੋ ਨੇ ਵੀ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ। ਔਫੀਸਰਜ਼ ਨੇ ਵੀਡੀਓ ਫੁਟੇਜ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਇਸ ਸ਼ੱਕੀ ਨੂੰ ਪਛਾਣਦਾ ਹੈ ਤਾਂ ਪੁਲਿਸ ਨਾਲ 604-717-2541 ’ਤੇ ਸੰਪਰਕ ਕਰਕੇ ਮਦਦ ਜ਼ਰੂਰ ਕਰੇ।




