Oct 23, 2026 3:26 PM - Connect Newsroom - Ramandeep Kaur

ਲੈਂਗਲੀ ਦੀ ਇੱਕ ਪਾਰਕਿੰਗ ਲਾਟ ਵਿਚ ਇੱਕ ਡਰਾਈਵਿੰਗ ਇੰਸਟ੍ਰਕਟਰ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਅਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਬੁੱਧਵਾਰ ਨੂੰ ਸਵੇਰੇ ਲਗਭਗ 9 ਵਜੇ 207 ਸਟ੍ਰੀਟ ਦੇ 4800 ਬਲੌਕ ਵਿਚ ਇੱਕ ਚਰਚ ਦੀ ਪਾਰਕਿੰਗ ਵਿਚ ਵਾਪਰੀ, ਜੋ ਉਸ ਸਮੇਂ ਖਾਲੀ ਸੀ।
ਕਾਰਪੋਰੇਲ ਮਨਸੂਰ ਸਾਹਕ ਮੁਤਾਬਕ, ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਔਰਤ ਨੇ ਇੰਸਟ੍ਰਕਟਰ ਨੂੰ ਕਮੀਜ਼ ਦੇ ਕਾਲਰ ਤੋਂ ਫੜ ਕੇ ਉਸ 'ਤੇ ਹਮਲਾ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਔਰਤ ਹਮਲਾ ਕਰਦੇ ਹੋਏ ਇੰਸਟ੍ਰਕਟਰ ਨੂੰ ਆਪਣੇ ਦੇਸ਼ ਵਾਪਸ ਜਾਓ ਵਰਗੇ ਨਸਲੀ ਸ਼ਬਦ ਬੋਲਦੀ ਵੀ ਦਿਖਾਈ ਦੇ ਰਹੀ ਹੈ, ਜਿਸ ਦੇ ਜਵਾਬ ਵਿਚ ਪੀੜਤ ਨੇ ਕਿਹਾ ਕਿ ਉਹ ਕੈਨੇਡਾ ਵਿਚ ਹੀ ਪੈਦਾ ਹੋਇਆ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਹਾਲਾਂਕਿ, ਬਾਅਦ ਵਿਚ ਰਿਹਾਅ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।




