Mar 24, 2025 6:17 PM - The Canadian Press

ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿਚ ਪਿਛਲੇ ਹਫ਼ਤੇ ਇੱਕ ਟੈਕਸੀ ਡਰਾਈਵਰ 'ਤੇ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 16 ਸਾਲਾ ਨੌਜਵਾਨ ਨੂੰ 4 ਦੋਸ਼ਾਂ ਨਾਲ ਚਾਰਜ ਕੀਤਾ ਹੈ, ਇਨ੍ਹਾਂ ਦੋਸ਼ਾਂ ਵਿਚ ਹਥਿਆਰ ਰੱਖਣ, ਹਥਿਆਰ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਹਮਲੇ ਦਾ ਇੱਕ ਹੋਰ ਵੱਖਰਾ ਚਾਰਜ ਲਗਾਇਆ ਗਿਆ ਹੈ।
ਵੈਨਕੂਵਰ ਪੁਲਿਸ ਨੇ ਕਿਹਾ ਕਿ ਛੁਰੇਬਾਜ਼ੀ ਦੀ ਇਹ ਘਟਨਾ 18 ਮਾਰਚ ਨੂੰ ਰਾਤ ਕਰੀਬ 9.30 ਵਜੇ ਮੇਨ ਅਤੇ ਹੇਸਟਿੰਗਜ਼ ਦੇ ਇਲਾਕੇ ਵਿਚ ਵਾਪਰੀ ਸੀ ਅਤੇ ਇਹ ਘਟਨਾ ਇੱਕ ਆਫ-ਡਿਊਟੀ ਅਫਸਰ ਨੇ ਦੇਖੀ ਸੀ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਔਫੀਸਰਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਪੁਲਿਸ ਮੁਤਾਬਕ, ਰਿਚਮੰਡ ਦੇ ਰਹਿਣ ਵਾਲੇ 16 ਸਾਲਾ ਯਾਤਰੀ ਅਤੇ 59 ਸਾਲਾ ਕੈਬ ਡਰਾਈਵਰ ਵਿਚਕਾਰ ਕਿਰਾਏ ਨੂੰ ਲੈ ਕੇ ਵਿਵਾਦ ਹੋਇਆ ਸੀ। ਫਿਲਹਾਲ ਸ਼ੱਕੀ ਹਿਰਾਸਤ ਵਿਚ ਨਹੀਂ ਹੈ, ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਅਗਲੀ ਪੇਸ਼ੀ ਲਈ ਰਿਹਾਅ ਕੀਤਾ ਜਾ ਚੁੱਕਾ ਹੈ।




