Sep 16, 2026 2:35 PM - Connect Newsroom - Jasmine Singh

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ।
ਸ਼ਿਕਾਇਤਕਰਤਾ ਅਨੁਸਾਰ, 2012 ਵਿਚ ਦੋਵਾਂ ਧਿਰਾਂ ਵਿਚਾਲੇ ਹੋਏ ਇਕ ਸਮਝੌਤੇ ਤਹਿਤ ਰਾਜਪਾਲ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਕੰਪਨੀ ਵਿਆਜ ਸਮੇਤ ਲਗਭਗ 11 ਕਰੋੜ ਰੁਪਏ ਮੋੜਨ ਲਈ ਸਹਿਮਤ ਹੋਏ ਸਨ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਉਹ ਡਰਾਮਾ ਕਰਨ ਵਿਚ ਮਾਹਰ ਹਨ ਪਰ ਇਹ ਅਦਾਲਤ ਹੈ।
ਅਦਾਲਤ ਦੇ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ। ਅਦਾਲਤ ਨੇ ਅੱਗੇ ਕਿਹਾ ਕਿ ਰਾਜਪਾਲ ਯਾਦਵ ਦਾ ਵਿਵਹਾਰ ਭਰੋਸਾ ਨਹੀਂ ਜਗਾਉਂਦਾ, ਫਿਰ ਵੀ ਉਨ੍ਹਾਂ ਨੂੰ ਇਕ ਆਖ਼ਰੀ ਮੌਕਾ ਦਿੱਤਾ ਜਾਵੇਗਾ।




